ਲਾਠੀਚਾਰਜ ਦੀ ਗੈਸਾ ਪੰਜਾਬ ਨਿੰਦਾ ਕਰਦਾ : ਖਹਿਰਾ, ਨੰਢਾ
ਰੋਜ਼ਗਾਰ ਦੀ ਮੰਗ ਰਹੇ ਨੌਜਵਾਨਾਂ 'ਤੇ ਕੀਤੇ ਲਾਠੀਚਾਰਜ ਦੀ ਗੈਸਾ ਪੰਜਾਬ ਵੱਲੋਂ ਸਖਤ ਨਿਖੇਧੀ : ਖਹਿਰਾ , ਨੰਢਾ
Publish Date: Mon, 08 Jun 2026 11:01 PM (IST)
Updated Date: Mon, 08 Jun 2026 11:02 PM (IST)

ਪੰਜਾਬ ਸਰਕਾਰ ਮੁਜ਼ਾਹਰਾਕਾਰੀਆਂ ਨੂੰ ਕੁੱਟਣ ਦੀ ਥਾਂ ਰੁਜ਼ਗਾਰ ਦੇਵੇ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੈਸਾ ਪੰਜਾਬ ਦੇ ਸੂਬਾਈ ਪ੍ਰਧਾਨ ਦੀਪ ਇੰਦਰ ਸਿੰਘ ਖਹਿਰਾ ਤੇ ਗੈਸਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਮਰੀਕ ਸਿੰਘ ਨੰਢਾ (ਰਿਟਾ. ਪ੍ਰਿੰਸੀਪਲ) ਨੇ ਰੋਜ਼ਗਾਰ ਮੰਗ ਰਹੇ ਨੌਜਵਾਨਾਂ ਤੇ ਪੁਲਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਗਈ। ਖਹਿਰਾ ਤੇ ਨੰਢਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਮ ਤੇ ਸਰਕਾਰ ਬਣਾਉਣ ਵਾਲੀ ਆਪ ਸਰਕਾਰ ਦੇ ਰਖਵਾਲਿਆਂ ਵੱਲੋਂ ਸ਼ਰੇਆਮ ਬੇਰੋਜ਼ਗਾਰ ਲਾਈਨਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਪ੍ਰਿੰਸੀਪਲ ਨੰਢਾ ਤੇ ਸੂਬਾ ਪ੍ਰਧਾਨ ਖਹਿਰਾ ਨੇ ਕਿਹਾ ਕਿ 2022 ਦੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀਆਂ ਰੈਲੀਆਂ ਵਿਚ ਬਿਆਨ ਦਿੱਤਾ ਸੀ ਕਿ ਇਕ ਵਾਰ ਝਾੜੂ ਨੂੰ ਵੋਟਾਂ ਪਾ ਦਿਓ, ਪੰਜਾਬ ਵਿਚ ਧਰਨੇ ਪ੍ਰਦਰਸ਼ਨ, ਟੈਂਕੀਆਂ, ਟਾਵਰ ਤੇ ਚੜ੍ਹਨ ਦੀ ਲੋੜ ਨਹੀਂ ਪਵੇਗੀ ਨਾ ਹੀ ਲਾਠੀਚਾਰਜ ਹੋਵੇਗਾ, ਧੀਆਂ ਭੈਣਾਂ ਦੀਆਂ ਚੁੰਨੀਆਂ ਨਹੀਂ ਰੁਲਣਗੀਆਂ ਤੇ ਨੌਜਵਾਨਾਂ ਦੀਆਂ ਪੱਗਾਂ ਨਹੀਂ ਲੱਥਣਗੀਆਂ ਪਰ ਸੂਬੇ ਦੇ ਹਾਲਾਤ ਜਿਓਂ ਦੇ ਤਿਓਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਜ਼ਾਹਰਾਕਾਰੀਆਂ ਨੂੰ ਕੁੱਟਣ ਦੀ ਥਾਂ ਰੁਜ਼ਗਾਰ ਦੇਵੇ। ਗੈਸਾ ਪੰਜਾਬ ਨੇ ਬੀਤੀ ਦਿਨੀਂ ਪਟਿਆਲਾ ਵਿਖੇ 2600 ਅਪ੍ਰੈਂਟਿਸ ਲਾਈਨਮੈਨਾਂ ’ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਕਿਹਾ ਹੈ ਕਿ ਪੰਜਾਬ ਪੁਲਸ ਦਾ ਵਤੀਰਾ ਅਤਿ ਨਿੰਦਣਯੋਗ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬੇਰੁਜ਼ਗਾਰਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਡਾਂਗ ਦੇ ਜ਼ੋਰ ਨਾਲ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਪਹਿਲਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਹੀ ਘੱਟ ਨੌਕਰੀਆਂ ਮਿਲ ਰਹੀਆਂ ਹਨ ਜਦੋਂਕਿ ਬਾਹਰਲੇ ਸੂਬਿਆਂ ਤੋਂ ਆ ਕੇ ਬੇਰੁਜ਼ਗਾਰ ਪੰਜਾਬ ਵਿਚ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਪ੍ਰਿੰਸੀਪਲ ਅਮਰੀਕ ਸਿੰਘ ਨੇ ਕਿਹਾ ਹੈ ਕਿ ਲੋਕਤੰਤਰ ਵਿਚ ਸਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ ਹਰੇਕ ਦਾ ਹੱਕ ਹੈ ਤੇ ਖਾਸ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਤਾਂ ਰੋਸ ਧਰਨਿਆਂ ਦੀ ਹੀ ਉਪਜ ਹੈ। ਉਨ੍ਹਾਂ ਕਿਹਾ ਕਿ ਇਸ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ, ਨਹੀਂ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸਮੁੱਚੇ ਪੰਜਾਬ ਵਾਸੀ ਸਰਕਾਰ ਦੀ ਇਸ ਮਾੜੀ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਣਗੇ।