ਸੁਲਤਾਨਪੁਰ ਲੋਧੀ ’ਚ ਖੇਡ ਕੇ ਚੰਗਾ ਲੱਗਾ : ਲਾਡਾ
ਪੰਜਾਬ ਪੇਸਰ ਦਾ ਲਾਡਾ ਮੈਨ ਆਫ ਦੀ ਮੈਚ ਤੇ ਸਾਬੀ ਹੁਸ਼ਿਆਰਪੁਰ ਦਾ ਯਾਦਵ ਬਣਿਆ ਮੈਨ ਆਫ ਦੀ ਸੀਰੀਜ
Publish Date: Mon, 05 Jan 2026 08:44 PM (IST)
Updated Date: Mon, 05 Jan 2026 08:47 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਕਰਵਾਏ 22ਵੇਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਵਿਚ ਜੇਤੂ ਟੀਮ ਪੰਜਾਬ ਪੇਸਰ ਦੇ ਲਾਡਾ ਗੁਜਰਾਲ ਨੇ ਆਪਣੀ ਟੀਮ ਵੱਲੋਂ ਤਾਬੜਤੋੜ 67 ਦੌੜਾ ਬਣਾ ਕੇ ਮੈਨ ਆਫ਼ ਦਿ ਮੈਚ ਦਾ ਖਿਤਾਬ ਹਾਸਿਲ ਕੀਤਾ ਜਦਕਿ ਸਾਬੀ ਹੁਸ਼ਿਆਰਪੁਰ ਦੇ ਕੈਪਟਨ ਯਾਦਵ ਨੇ ਸਾਰੇ ਟੂਰਨਾਮੈਂਟ ਵਿਚ ਤਿੰਨ ਵਾਰ ਮੈਨ ਆਫ ਦਿ ਮੈਚ ਪੁਰਸਕਾਰ ਹਾਸਲ ਕਰਨ ਦੇ ਨਾਲ ਸਭ ਤੋਂ ਵੱਧ 238 ਦੌੜਾਂ ਬਣਾਈਆਂ ਤੇ ਗੇਂਦਬਾਜ਼ੀ ਵਿਚ 5 ਵਿਕਟਾਂ ਵੀ ਹਾਸਲ ਕੀਤੀਆਂ, ਜਿਸ ਲਈ ਉਸ ਨੂੰ ਮੈਨ ਆਫ ਦਿ ਟੂਰਨਾਮੈਂਟ ਦਾ ਖਿਤਾਬ ਵੀ ਮਿਲਿਆ। ਆਪਣੀ ਆਪਣੀ ਉਪਲਬਧੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲਾਡਾ ਗੁਜਰਾਲ ਤੇ ਕੈਪਟਨ ਯਾਦਵ ਨੇ ਕਿਹਾ ਕਿ ਜਿੱਤ ਮੈਚ ਦਾ ਇਕ ਹਿੱਸਾ ਹੁੰਦੀ ਹੈ ਪ੍ਰੰਤੂ ਸਾਨੂੰ ਖੁਸ਼ੀ ਹੈ ਕਿ ਅਸੀਂ ਦੋਵਾਂ ਨੇ ਆਪਣੀ ਆਪਣੀ ਟੀਮ ਵੱਲੋਂ ਵਧੀਆ ਪਰਫਾਰਮੈਂਸ ਦਿੱਤੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਇਨਾਮ ਸਾਨੂੰ ਬਾਬਾ ਨਾਨਕ ਸਾਹਿਬ ਦੀ ਪਾਵਨ ਨਗਰੀ ਤੋਂ ਮਿਲਿਆ, ਜਿੱਥੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ, ਜੋ ਲਗਾਤਾਰ 22 ਸਾਲਾਂ ਤੋਂ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਵਾ ਕੇ ਸਮਾਜ ਸੇਵਾ ਤੇ ਨੌਜਵਾਨਾਂ ਪ੍ਰਤੀ ਚੰਗੀ ਭੂਮਿਕਾ ਨਿਭਾ ਰਹੀ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਥੇ ਖੇਡ ਕੇ ਬਹੁਤ ਵੱਡਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿਚ ਕਿਸੇ ਵੀ ਪੱਖਪਾਤ ਤੋਂ ਬਿਨਾਂ ਮੈਚ ਕਰਵਾਉਣਾ ਕਲੱਬ ਦੀ ਸਭ ਤੋਂ ਵੱਡੀ ਉਪਲਬਧੀ ਹੈ। ਜਿਸ ਲਈ ਅਸੀਂ ਵਿਸ਼ੇਸ਼ ਤੌਰ ’ਤੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਚੇਅਰਮੈਨ ਸੁਖਦੇਵ ਸਿੰਘ ਜੱਜ, ਮੰਚ ਸੰਚਾਲਕ ਨਰੇਸ਼ ਕੋਹਲੀ ਸਮੇਤ ਪੂਰੇ ਕਲੱਬ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।