ਗਰੀਬਾਂ ਲਈ ਵਰਦਾਨ ਬਣੇਗੀ ਹੈਲਥ ਇੰਸ਼ੋਰੈਂਸ ਸਕੀਮ : ਲੱਕੀ ਸਰਵਟਾ
ਗਰੀਬਾਂ ਲਈ ਵਰਦਾਨ ਬਣੇਗੀ ਪੰਜਾਬ ਸਰਕਾਰ ਦੀ ਹੈਲਥ ਇੰਸ਼ੋਰੈਂਸ ਸਕੀਮ : ਲੱਕੀ ਸਰਵਟਾ
Publish Date: Wed, 07 Jan 2026 06:34 PM (IST)
Updated Date: Thu, 08 Jan 2026 04:06 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਸਰਕਾਰ ਵੱਲੋਂ ਇਸੇ ਸਾਲ ਸੂਬੇ ਦੇ ਆਮ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਜਾ ਰਹੀ ਹੈਲਥ ਇੰਸ਼ੋਰੈਂਸ ਸਕੀਮ ਨੂੰ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਦੱਸਦੇ ਹੋਏ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਲੱਕੀ ਸਰਵਟਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਹਿੰਗੇ ਇਲਾਜ ਕਾਰਨ ਹਜ਼ਾਰਾਂ ਪਰਿਵਾਰ ਕਰਜ਼ੇ ਹੇਠ ਆ ਜਾਂਦੇ ਹਨ ਜਾਂ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕੀਮਤੀ ਜਾਨਾਂ ਗੁਆ ਬੈਠਦੇ ਹਨ। ਅਜਿਹੇ ਹਾਲਾਤ ਵਿੱਚ ਪੰਜਾਬ ਸਰਕਾਰ ਦੀ ਇਹ ਹੈਲਥ ਇੰਸ਼ੋਰੈਂਸ ਸਕੀਮ ਆਮ ਆਦਮੀ ਲਈ ਸੰਜੀਵਨੀ ਸਾਬਤ ਹੋਵੇਗੀ। ਜਿਸ ਦੇ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਖ਼ਾਸ ਕਰਕੇ ਵਾਲਮੀਕਿ ਸਮਾਜ, ਦਲਿਤ ਵਰਗ, ਮਜ਼ਦੂਰ ਵਰਗ, ਸਫ਼ਾਈ ਕਰਮਚਾਰੀ, ਛੋਟੇ ਦੁਕਾਨਦਾਰ, ਕਿਸਾਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨੂੰ ਸਿੱਧਾ ਲਾਭ ਮਿਲ ਰਿਹਾ ਹੈ। ਹੁਣ ਬਿਮਾਰੀ ਕਿਸੇ ਪਰਿਵਾਰ ਲਈ ਆਰਥਿਕ ਤਬਾਹੀ ਦਾ ਕਾਰਨ ਨਹੀਂ ਬਣੇਗੀ, ਜੋ ਕਿ ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ। ਲੱਕੀ ਸਰਵਟਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰਾਜਨੀਤੀ ਸੇਵਾ ਲਈ ਹੋਣੀ ਚਾਹੀਦੀ ਹੈ, ਨਾ ਕਿ ਸਵਾਰਥ ਲਈ। ਸਿਹਤ, ਸਿੱਖਿਆ ਅਤੇ ਲੋਕ-ਭਲਾਈ ਨੂੰ ਪਹਿਲ ਦੇ ਕੇ ਸਰਕਾਰ ਨੇ ਆਮ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਅਧੀਨ ਆਪਣਾ ਰਜਿਸਟਰੇਸ਼ਨ ਜ਼ਰੂਰ ਕਰਵਾਉਣ ਅਤੇ ਲੋੜ ਪੈਣ ‘ਤੇ ਇਸ ਦਾ ਪੂਰਾ ਲਾਭ ਲੈਣ। ਨਾਲ ਹੀ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਪਿੰਡ-ਪਿੰਡ ਅਤੇ ਮੁਹੱਲਾ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾ ਕੇ ਇਸ ਸਕੀਮ ਦੀ ਜਾਣਕਾਰੀ ਹਰ ਲੋੜਵੰਦ ਤੱਕ ਪਹੁੰਚਾਈ ਜਾਵੇ। ਲੱਕੀ ਸਰਵਟਾ ਨੇ ਕਿਹਾ ਕਿ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਪੰਜਾਬ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਸਮਾਜ ਦੀ ਭਲਾਈ ਲਈ ਕੀਤੇ ਜਾਣ ਵਾਲੇ ਹਰ ਸਕਾਰਾਤਮਕ ਕਦਮ ਵਿੱਚ ਸਰਕਾਰ ਦੇ ਨਾਲ ਖੜ੍ਹਾ ਰਹੇਗਾ।