ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ
ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਦੇ ਵਿਰੁੱਧ” ਫਗਵਾੜਾ ਵਿੱਚ ਮਿਲੀ ਵੱਡੀ ਕਾਮਯਾਬੀ
Publish Date: Fri, 13 Mar 2026 07:50 PM (IST)
Updated Date: Fri, 13 Mar 2026 07:51 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਿਚ ਲੁਧਿਆਣਾ ਐੱਸਟੀਐੱਫ ਨੇ ਤਿੰਨ ਨੌਜਵਾਨਾਂ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 388 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਲੁਧਿਆਣਾ ਐੱਸਟੀਐੱਫ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਫਗਵਾੜਾ ਵਿਚ ਖ਼ਾਸ ਕਾਰਵਾਈ ਦੌਰਾਨ ਕਚਹਿਰੀ ਰੋਡ ਲਿੰਕ ਸੜਕ ‘ਤੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਦੀ ਸੂਚਨਾ ’ਤੇ ਰੋਕਿਆ ਗਿਆ। ਮੌਕੇ ’ਤੇ ਐੱਸਟੀਐੱਫ ਟੀਮ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੁੱਛਗਿੱਛ ਕੀਤੀ ਗਈ ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 388 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਮੌਕੇ ‘ਤੇ ਮੌਜੂਦ ਡਿਊਟੀ ਅਫਸਰ ਭੁਪਿੰਦਰ ਸਿੰਘ ਵੱਲੋਂ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮਾਂ ਦੀ ਪਹਿਚਾਣ ਪ੍ਰੇਮ ਪੁੱਤਰ ਵਿਨੋਦ ਕੁਮਾਰ ਫਗਵਾੜਾ, ਕਰਨਦੀਪ ਪੁੱਤਰ ਮਹਿੰਦਰ ਪਾਲ ਤੇ ਦੀਪਕ ਉਰਫ਼ ਦੀਪਾ ਵਾਸੀ ਫਗਵਾੜਾ ਵਜੋਂ ਹੋਈ ਹੈ। ਇਸ ਸਬੰਧੀ ਜਦੋਂ ਡਿਊਟੀ ਅਫਸਰ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ। ਤਿੰਨਾਂ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਰਿਮਾਂਡ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।