ਬਜਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਖਾਲੀ ਪੀਪਾ ਸਾਬਤ ਹੋਇਆ
ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਖਾਲੀ ਪੀਪਾ ਸਾਬਿਤ ਹੋਇਆ:
Publish Date: Sun, 15 Mar 2026 07:57 PM (IST)
Updated Date: Sun, 15 Mar 2026 08:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸਿਰਫ ਤੇ ਸਿਰਫ ਖਾਲੀ ਪੀਪਾ ਦੱਸਿਆ, ਕਿਉਂ ਕਿ ਇਸ ਬਜਟ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣ ਲਈ ਕੁੱਝ ਵੀ ਨਹੀਂ ਰੱਖਿਆ ਗਿਆ। ਐਸੋਸੀਏਸ਼ਨ ਦੇ ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਮਾਰਚ ਮਹੀਨੇ ਵਿਚ ਆਉਂਦਾ ਹੈ, ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ, ਉਨ੍ਹਾਂ ਦੀ ਤੰਦਰੁਸਤੀ ਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਮੀਟਿੰਗ ਵਿਚ ਹਾਜ਼ਰ ਆਗੂਆਂ ਤੇ ਮੈਂਬਰਾਂ ਨੇ ਸਾਂਝੇ ਤੌਰ ਤੇ ਬਜਟ ਸੈਸ਼ਨ ਦੌਰਾਨ ਹਰ ਵਰਗ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ, ਅੱਥਰੂ ਗੈਸ ਦੇ ਗੋਲੇ ਦਾਗਣ ਤੇ ਲਾਠੀਚਾਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ 16 ਪ੍ਰਤੀਸ਼ਤ ਡੀਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਨਗਦ ਦੇਣ ਦਾ ਐਲਾਨ ਕਰਕੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਧੀ ਹੋਈ ਮਹਿੰਗਾਈ ਤੋਂ ਰਾਹਤ ਦੇਵੇ। ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਪੈਨਸ਼ਨਰਾਂ ਨੂੰ ਪੈਨਸ਼ਨ ਰੀਵਾਈਜ਼ ਲਈ 2.59 ਦਾ ਗੁਣਾਂਕ ਲਾਗੂ ਕਰਨ, ਚੋਣ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੂਰੇ-ਪੂਰੇ ਗਰੇਡਾਂ ਵਿਚ ਰੈਗੂਲਰ ਕਰਨ, ਮਾਣ ਭੱਤਾ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕਰਨ, ਮੈਡੀਕਲ ਭੱਤਾ 2000/- ਰੁਪਏ ਕਰਨ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਸੋਧ ਦੇ ਨਾਂ ’ਤੇ ਬੰਦ ਕੀਤੇ ਭੱਤੇ ਬਹਾਲ ਕਰਨ, ਵਿਕਾਸ ਟੈਕਸ ਦੇ ਨਾਂ ’ਤੇ ਲਗਾਇਆ 200/- ਰੁਪਏ ਜਜੀਆ ਟੈਕਸ ਬੰਦ ਕਰਨ, ਹਰ ਵਿਭਾਗ ਵਿਚ ਕੇਂਦਰ ਸਰਕਾਰ ਦੇ ਗਰੇਡਾਂ ਦੀ ਬਜਾਏ ਪੰਜਾਬ ਸਰਕਾਰ ਦੇ ਪੂਰੇ-ਪੂਰੇ ਗਰੇਡਾਂ ’ਤੇ ਨਵੀਆਂ ਨਿਯੁਕਤੀਆਂ ਕਰਨ ਆਦਿ ਮੰਗਾਂ ਨੂੰ ਮੰਨਣ ਤੇ ਲਾਗੂ ਕਰਨ ਲਈ ਸਾਂਝਾ ਫਰੰਟ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਕਰਦੇ ਹੋਏ ਨਿਪਟਾਰਾ ਕੀਤਾ ਜਾਵੇ। ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪ੍ਰਿੰਸੀਪਲ ਪਿਆਰਾ ਸਿੰਘ, ਤਰਸੇਮ ਸਿੰਘ ਥਾਂਦੀ, ਅਮਰੀਕਾ ਇਜ਼ਰਾਈਲ ਵੱਲੋਂ ਇਰਾਨ ’ਤੇ ਥੋਪੀ ਜ਼ਬਰੀ ਜੰਗ ਵਿਚ ਮਾਰੀਆਂ ਗਈਆਂ 150 ਸਕੂਲੀ ਬੱਚੀਆਂ ਤੇ ਹੋਰ ਨਾਗਰਿਕਾਂ ਦੇ ਮਾਰੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੌਨ ਸ਼ਰਧਾਂਜਲੀ ਭੇਟ ਕੀਤੀ ਗਈ। ਇਕ ਵੱਖਰਾ ਮਤਾ ਪਾਸ ਕਰਕੇ ਅਮਰੀਕਾ ਇਜ਼ਰਾਈਲ ਵੱਲੋਂ ਆਪਣੀ ਤਾਨਾਸ਼ਾਹੀ ਨੂੰ ਕਾਇਮ ਕਰਨ ਲਈ ਈਰਾਨ ’ਤੇ ਜ਼ਬਰੀ ਥੋਪੀ ਗਈ ਜੰਗ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਤੁਰੰਤ ਜੰਗ ਬੰਦ ਕੀਤੀ ਜਾਵੇ। ਇਕ ਹੋਰ ਮਤੇ ਰਾਹੀਂ ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ ਤੇ ਮੈਂਬਰਾਂ ਰਵਿੰਦਰ ਪਾਲ ਕੌਰ ਸੰਧੂ ਦੇ ਪੋਤੇ ਗੁਰਅੰਸ਼ ਸਿੰਘ ਸੰਧੂ ਦੇ ਦਿਲ ਦੇ ਛੇਕ ਦਾ ਅਪ੍ਰੇਸ਼ਨ ਸਫ਼ਲਤਾ ਪੂਰਵਕ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਪੋਤੇ ਦੀ ਤੰਦਰੁਸਤੀ, ਕਾਮਯਾਬੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪਿਛਲੇ ਸਮੇਂ ਵਿੱਚ ਕੀਤੇ ਗਏ ਸੰਘਰਸ਼ਾਂ ਵਿਚ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਵੱਲੋਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨਾਲ ਐਸੋਸੀਏਸ਼ਨ ਦੀ ਆਮਦਨ ਤੇ ਖਰਚ ਦੇ ਵੇਰਵੇ ਸਾਂਝੇ ਕੀਤੇ ਤੇ ਕੀਤੇ ਗਏ ਖਰਚਿਆਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਵਿੱਤ ਸਕੱਤਰ ਵੱਲੋਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸਾਲ 2026 ਦਾ ਸੰਘਰਸ਼ ਫੰਡ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ ਦਾ ਉਪਰਾਲਾ ਜ਼ਰੂਰ ਕਰਨ। ਆਖ਼ਰ ਵਿਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਐਸੋਸੀਏਸ਼ਨ ਦੇ ਘਰਾਂ ਵਿਚ ਬੈਠੇ ਮੈਂਬਰਾਂ ਨੂੰ ਵੀ ਮਾਸਿਕ ਮੀਟਿੰਗਾਂ ਵਿਚ ਆਪਣੀ ਹਾਜ਼ਰੀ ਵਧਾਉਣ ਤੇ ਮੰਗਾਂ ਦੀ ਪ੍ਰਾਪਤੀ ਕਰਨ ਲਈ ਐਕਸ਼ਨਾਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਇਸ ਸਮੇਂ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਵਿੱਤ ਦੇ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਹਰਭਜਨ ਲਾਲ ਕੌਰ, ਕੇਕੇ ਪਾਂਡੇ, ਜੋਗਿੰਦਰ ਸਿੰਘ, ਰਤਨ ਸਿੰਘ ਆਦਿ ਪੈਨਸ਼ਨਰ ਸਾਥੀ ਹਾਜ਼ਰ ਸਨ।