ਪੰਜਾਬ ਸਰਕਾਰ ਬਜਟ ’ਚ ਮੁਲਾਜ਼ਮਾਂ ਵਾਸਤੇ ਵੀ ਖੁੱਲ੍ਹਾ ਪੈਸਾ ਰੱਖੇ : ਭਾਟੀਆ
ਪੰਜਵੇਂ ਬਜਟ ਵਿੱਚ ਪੰਜਾਬ ਸਰਕਾਰ ਮੁਲਾਜ਼ਮਾਂ ਵਾਸਤੇ ਵੀ ਖੁੱਲਾ ਪੈਸਾ ਰੱਖੇ : ਭਾਟੀਆ
Publish Date: Sun, 22 Feb 2026 08:01 PM (IST)
Updated Date: Sun, 22 Feb 2026 08:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਨਵਾਂ ਬਜਟ ਜੋ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਸਾਰਾ ਲੋਕ ਪੱਖੀ ਹੋਵੇਗਾ, ਚੰਗੀ ਗੱਲ ਹੈ ਕਿ ਇਹ ਬਜਟ ਪੰਜਾਬ ਦੇ ਸਾਰੇ ਵਰਗਾਂ ਲਈ ਚੰਗਾ ਹੋਵੇ ਪਰ ਕਹਿਣ ਮੁਤਾਬਿਕ ਬਜਟ ਕਦੇ ਵੀ ਆਸਾਂ, ਉਮੀਦਾਂ ’ਤੇ ਪੂਰਾ ਨਹੀਂ ਉਤਰਦਾ। ਪੰਜਾਬ ਦੇ ਸੇਵਾਮੁਕਤ ਕਰਮਚਾਰੀਆਂ ਤੇ ਮੌਜੂਦਾ ਕਰਮਚਾਰੀਆਂ ਦੀਆਂ ਸਾਲ 2016 ਤੋਂ ਜੋ ਵਿੱਤੀ ਮੰਗਾਂ ਸਨ, ਉਹ ਪ੍ਰਵਾਨ ਨਹੀਂ ਕੀਤੀਆਂ ਭਾਵੇਂ ਕੋਈ ਵੀ ਸਰਕਾਰ ਆਈ। ਬੀਤੇ 4 ਸਾਲਾਂ ਤੋਂ ਸੇਵਾਮੁਕਤ ਤੇ ਮੌਜੂਦਾ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਪੈਂਡਿੰਗ ਪਈਆਂ ਹਨ। ਮੌਜੂਦਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕੋਈ ਵੀ ਲੋੜੀਂਦੇ ਵਿੱਤੀ ਲਾਭ ਨਹੀਂ ਦਿੱਤੇ ਗਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਸੇਵਾ ਮੁਕਤ ਮਨਿਸਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਚੇਅਰਮੈਨ ਹਰਜੀਤ ਸਿੰਘ ਭਾਟੀਆ, ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੁਮਾਰ, ਜਨਰਲ ਸਕੱਤਰ ਦੇਸ ਰਾਜ, ਮੁੱਖ ਸਲਾਹਕਾਰ ਸਤੀਸ਼ ਕੁਮਾਰ ਵਾਲੀਆ ਨੇ ਕਰਦਿਆਂ ਕਿਹਾ ਕਿ ਬੀਤੇ ਸਮੇਂ ਦੀਆਂ ਪੰਜ ਡੀਏ ਦੀਆਂ ਕਿਸ਼ਤਾਂ ਦੀ ਅਦਾਇਗੀ ਜਲਦੀ ਕੀਤੀ ਜਾਵੇ ਤੇ ਛੇਵੀਂ ਕਿਸ਼ਤ ਹੋਰ ਵੀ ਡਿਊ ਹੋ ਗਈ ਹੈ। ਇਹ ਬਣਦੀਆਂ ਛੇ ਕਿਸ਼ਤਾਂ ਜਲਦੀ ਦਿੱਤੀਆਂ ਜਾਣ। ਸਰਕਾਰ ਅਨੁਸਾਰ ਨਵਾਂ ਬਜਟ ਪੰਜਾਬ ਦੇ ਸਾਰੇ ਵਰਗਾਂ ਦੇ ਹਿੱਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੇਵਾ ਮੁਕਤ ਤੇ ਮੌਜੂਦਾ ਮੁਲਾਜ਼ਮ ਵੀ ਪੰਜਾਬ ਮਾਂ ਦੇ ਹੀ ਬੱਚੇ ਹਨ, ਪਰ ਇਨ੍ਹਾਂ ਨੂੰ ਬੀਤੇ ਚਾਰ-ਪੰਜ ਸਾਲ ਤੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਸਰਕਾਰ ਮੀਟਿੰਗਾਂ ਕਰਕੇ, ਗੱਲ ਮੰਨ ਕੇ ਬਾਅਦ ਵਿਚ ਕੁਝ ਵੀ ਪੱਲੇ ਨਹੀਂ ਪਾਉਂਦੀਆਂ। ਜੇਕਰ ਸਰਕਾਰ ਨਿਰਪੱਖ, ਇਮਾਨਦਾਰ ਹੈ ਤੇ ਮੁਲਾਜ਼ਮ ਵਾਸਤੇ ਵੀ ਬਜਟ ਵਿਚ ਪੈਸਾ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਛੇ ਬਣਦੀਆਂ ਕਿਸ਼ਤਾਂ ਤੇ ਹੋਰ ਬੀਤੇ 2016 ਦੇ ਬਣਦੇ ਬਕਾਏ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹਰ 10 ਸਾਲ ’ਤੇ ਸਕੇਲਾਂ ਦੀ ਸੋਧ ਕਰਕੇ ਨਵੇਂ ਸਕੇਲ ਦੇਣੇ ਹੁੰਦੇ ਹਨ। 2026 ਵਿਚ ਨਵੇਂ ਸਕੇਲ ਦੇਣ ਲਈ ਵੀ ਜਲਦੀ ਫੈਸਲਾ ਕੀਤਾ ਜਾਵੇ ਤੇ ਨਵੇਂ ਬਣਦੇ ਸਕੇਲ ਦਿੱਤੇ ਜਾਣ ਤੇ 2016 ਵਿਚ ਸੋਧੇ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਕੇ ਉਨ੍ਹਾਂ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜਵੇਂ ਬਜਟ ਵਿਚ ਸੇਵਾ ਮੁਕਤ ਤੇ ਮੌਜੂਦਾ ਮੁਲਾਜ਼ਮ ਲਈ ਬਜਟ ਵਿਚ ਖੁੱਲ੍ਹਾ ਪੈਸਾ ਰੱਖਿਆ ਜਾਵੇ।