ਪੰਜਾਬ ’ਚ ਹਰ ਭਾਈਚਾਰੇ ਲਈ ਕਮਿਸ਼ਨ ਬੱਸ ਹਿੰਦੂਆਂ ਦਾ ਕੋਈ ਨਹੀਂ : ਕਾਲੀਆ
ਪੰਜਾਬ ਸਰਕਾਰ ਹਿੰਦੂ ਕਮਿਸ਼ਨ ਨਾ ਬਣਾ ਕੇ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ : ਕਾਲੀਆ
Publish Date: Sun, 08 Feb 2026 06:52 PM (IST)
Updated Date: Sun, 08 Feb 2026 06:53 PM (IST)

ਸਰਕਾਰ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਪੰਜਾਬ ’ਚ ਵੀ ਇਕ ਹਿੰਦੂ ਬੋਰਡ ਬਣਾਇਆ ਜਾਵੇ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਿਵ ਸੈਨਾ ਦੇ ਸੀਨੀਅਰ ਆਗੂ ਓਮਕਾਰ ਕਾਲੀਆ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਦੇ ਹਿੰਦੂਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕਰ ਰਹੀ ਹੈ, ਜਦੋਂ ਕਿ ਪੰਜਾਬ ਵਿਚ ਹਰ ਭਾਈਚਾਰੇ ਲਈ ਕਮਿਸ਼ਨ ਬਣਾਏ ਗਏ ਹਨ ਪਰ ਹਿੰਦੂਆਂ ਲਈ ਅਜੇ ਤੱਕ ਇਕ ਕਮਿਸ਼ਨ ਨਹੀਂ ਬਣਾਇਆ ਗਿਆ ਹੈ। ਹਿੰਦੂਆਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਵਿਰੋਧ ਪ੍ਰਦਰਸ਼ਨ ਤੇ ਰੈਲੀਆਂ ਕਿਉਂ ਕਰਨੀਆਂ ਪੈਂਦੀਆਂ ਹਨ? ਕੀ ਪੰਜਾਬ ਵਿਚ ਹਿੰਦੂ ਸਰਕਾਰ ਬਣਾਉਣ ਵਿਚ ਯੋਗਦਾਨ ਨਹੀਂ ਪਾਉਂਦੇ? ਪੰਜਾਬ ਵਿਚ ਹਿੰਦੂਆਂ ਦੀਆਂ ਹੱਤਿਆਵਾਂ ਆਮ ਹੋ ਗਈਆਂ ਹਨ ਅਤੇ ਸਰਕਾਰ ਵਿਚ ਕੋਈ ਵੀ ਹਿੰਦੂਆਂ ਦੀ ਗੱਲ ਨਹੀਂ ਸੁਣਦਾ। ਓਮਕਾਰ ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੱਤਵਾਦ ਦੇ ਦੌਰ ਵਿਚ ਪੰਜਾਬ ਵਿਚ ਮਾਰੇ ਗਏ 35,000 ਹਿੰਦੂਆਂ ਲਈ ਮੁਆਵਜ਼ਾ ਪੈਕੇਜ ਦਾ ਐਲਾਨ ਕੀਤਾ ਸੀ ਪਰ ਕੋਈ ਵੀ ਸਰਕਾਰ ਇਸ ਨੂੰ ਲਾਗੂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਪਾਰਟੀ ਲੰਬੇ ਸਮੇਂ ਤੋਂ 1984 ਦੇ ਦੰਗਾ ਪੀੜਤਾਂ ਦੀ ਤਰਜ਼ ’ਤੇ ਪੰਜਾਬ ਵਿਚ ਅੱਤਵਾਦ ਦੌਰਾਨ ਸ਼ਹੀਦ ਹੋਏ ਬੇਕਸੂਰ ਹਿੰਦੂਆਂ ਲਈ ਮੁਆਵਜ਼ੇ ਦੀ ਮੰਗ ਕਰ ਰਹੀ ਹੈ। ਕਾਲੀਆ ਨੇ ਮੰਗ ਕਰਦਿਆਂ ਕਿਹਾ ਕਿ ਜ਼ਿੰਮੇਵਾਰਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਨਿਆਂਇਕ ਕਮਿਸ਼ਨ ਦੀ ਸਥਾਪਨਾ ਕਰਦਿਆਂ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਕਾਰਨ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਓਮਕਾਰ ਕਾਲੀਆ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਕਿ ਹਿੰਦੂਆਂ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਹੋਰ ਭਾਈਚਾਰਿਆਂ ਦੀ ਤਰਜ਼ ’ਤੇ ਪੰਜਾਬ ਵਿਚ ਵੀ ਇਕ ਹਿੰਦੂ ਬੋਰਡ ਬਣਾਇਆ ਜਾਵੇ ਤਾਂ ਜੋ ਇਹ ਬੋਰਡ ਹਿੰਦੂਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਰਕਾਰ ਸਾਹਮਣੇ ਉਠਾਉਣ ਵਿਚ ਪਹਿਲ ਕਰ ਸਕੇ।