ਸਿੱਖਿਆ ਕ੍ਰਾਂਤੀ ਦਾ ਝੂਠਾ ਪ੍ਰਚਾਰ ਕਰਕੇ ਗੁਮਰਾਹ ਕਰ ਰਹੀ ਪੰਜਾਬ ਸਰਕਾਰ : ਸਹੋਤਾ
ਸਿੱਖਿਆ ਕ੍ਰਾਂਤੀ ਦਾ ਝੂਠਾ ਪ੍ਰਚਾਰ ਕਰਕੇ ਜਨਤਾ ਨੂੰ ਗੁਮਰਾਹ ਕਰ ਰਹੀ ਪੰਜਾਬ ਸਰਕਾਰ : ਗੁਰਜੋਤ ਸਹੋਤਾ
Publish Date: Tue, 17 Mar 2026 09:50 PM (IST)
Updated Date: Tue, 17 Mar 2026 09:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਰਜਿ. ਦੀ ਮੀਟਿੰਗ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਵਿਸੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਉਪਰੰਤ ਗੁਰਜੋਤ ਸਹੋਤਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦੋਂ ਕਿ ਸੱਚਾਈ ਕੁਝ ਹੋਰ ਹੈ। ਪੰਜਾਬ ਦੇ ਹਾਲਾਤ ਇੰਨੇ ਮਾੜੇ ਹਨ ਕਿ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਮਾਸਟਰਾਂ ਨੂੰ ਤਨਖਾਹਾਂ ਲੈਣ ਵਾਸਤੇ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਲਾਠੀਚਾਰਜ ਨਾਲ ਅੱਤਿਆਚਾਰ ਸਹਿਣਾ ਪੈ ਰਿਹਾ ਹੈ। ਧੀਆਂ-ਭੈਣਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਚੁੰਨੀਆਂ ਲਾਹੀਆਂ ਜਾਂਦੀਆਂ ਹਨ ਤੇ ਸਰਕਾਰ ਦੇ ਦਾਅਵਿਆਂ ਦੀ ਸਥਿਤੀ ਦੇ ਬਿਲਕੁਲ ਉਲਟ ਹਾਲਾਤ ਹਨ। ਸਕੂਲਾਂ ਵਿਚ ਮਾਸਟਰ ਨਹੀਂ ਹਨ ਤੇ ਮਾਸਟਰਾਂ ਕੋਲੋਂ ਵਿਭਾਗ ਤੋਂ ਬਾਹਰੀ ਕੰਮ ਲਏ ਜਾ ਰਹੇ ਹਨ। ਅਧਿਆਪਕ ਵਰਗ ਨੂੰ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨਾਲ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਸਹੋਤਾ ਨੇ ਕਿਹਾ ਕਿ ਹੁਣ ਤਾਂ ਇਥੋਂ ਤੱਕ ਕਿ ਵਿਧਾਨ ਸਭਾ ਵਿਚ ਵੀ ਕੁਝ ਮੰਤਰੀਆਂ ਵੱਲੋਂ 2027 ਵਿਚ ਧੌਣ ’ਤੇ ਗੋਡਾ ਰੱਖ ਕੇ ਚੋਣਾਂ ਜਿੱਤਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਵਿਧਾਨ ਸਭਾ 2027 ਵਿਚ ਆਪਣੇ ਲਈ ਕੰਡੇ ਖਿਲਾਰ ਲਏ ਹਨ ਤੇ ਇਸ ਪਾਰਟੀ ਦੀ ਹਾਰ ਲਗਭਗ ਤੈਅ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਸਮੇਂ ਦੀ ਉਡੀਕ ਵਿਚ ਹਨ। ਇਸ ਸਮੇਂ ਸਰਵਣ ਸਿੰਘ, ਨਰਾਇਣ ਨਾਹਰ, ਲਵ ਮਰਾਜਵਾਲਾ, ਦਵਿੰਦਰ ਫਰੀਦ ਸਰਾਏ, ਰੋਹਿਤ ਸੁਲਤਾਨਪੁਰ ਲੋਧੀ, ਗੁਰਵਿੰਦਰ ਪੱਡਾ ਆਦਿ ਸਮੇਤ ਬਹੁਤ ਸਾਰੇ ਵਰਕਰ ਹਾਜ਼ਰ ਸਨ।