ਅਕਾਲੀ ਸਰਕਾਰ ਸਮੇਂ ਹੋਇਆ ਪੰਜਾਬ ਦਾ ਚੌਤਰਫਾ ਵਿਕਾਸ : ਨਾਨਕਪੁਰ
ਅਕਾਲੀ ਸਰਕਾਰ ਸਮੇਂ ਹੋਇਆ ਪੰਜਾਬ ਦਾ ਚੌਤਰਫਾ ਵਿਕਾਸ : ਨਾਨਕਪੁਰ
Publish Date: Thu, 08 Jan 2026 08:36 PM (IST)
Updated Date: Thu, 08 Jan 2026 08:39 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਦੇ ਦੋਆਬਾ ਖੇਤਰ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਚ ਕੀਤੇ ਗਏ ਬੇਮਿਸਾਲ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਚ ਅਕਾਲੀ ਦਲ ਦੀ ਸਰਕਾਰ ਵੇਲੇ ਚੌਤਰਫਾ ਵਿਕਾਸ ਹੋਇਆ, ਅਜਿਹਾ ਬੁਨਿਆਦੀ ਸੁਧਾਰ ਕਿਸੇ ਹੋਰ ਸਰਕਾਰ ਦੇ ਕਾਰਜਕਾਲ ਚ ਦੇਖਣ ਨੂੰ ਨਹੀਂ ਮਿਲਿਆ। ਨਾਨਕਪੁਰ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਹਨੇਰੇ ਚੋਂ ਕੱਢ ਕੇ ਪਾਵਰ ਸਰਪਲੱਸ ਸੂਬਾ ਬਣਾਇਆ। ਉਨ੍ਹਾਂ ਰਾਜਪੁਰਾ ਵਿਖੇ 1400 ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੇ ਥਰਮਲ ਪਲਾਂਟ ਲਗਾਉਣ ਵਰਗੇ ਵੱਡੇ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੋਲਰ ਐਨਰਜੀ ਦੇ ਖੇਤਰ ਚ ਵੀ ਪੰਜਾਬ ਨੇ ਨਵੀਆਂ ਉੱਚਾਈਆਂ ਨੂੰ ਛੂਹਿਆ ਅਤੇ ਬਿਜਲੀ ਉਤਪਾਦਨ ਦੀ ਸਮਰੱਥਾ ਨੂੰ 9 ਮੈਗਾਵਾਟ ਤੋਂ ਵਧਾ ਕੇ 1080 ਮੈਗਾਵਾਟ ਤੱਕ ਪਹੁੰਚਾਇਆ। ਸੀਨੀਅਰ ਆਗੂ ਨੇ ਸਿੱਖਿਆ ਦੇ ਖੇਤਰ ਚ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅਕਾਲੀ ਸਰਕਾਰ ਨੇ ਸੂਬੇ ਚ 34 ਨਵੇਂ ਕਾਲਜ ਖੁੱਲ੍ਹਵਾਏ ਅਤੇ ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕੀਤੀ, ਤਾਂ ਜੋ ਗਰੀਬ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਮਿਲ ਸਕੇ। ਉਨ੍ਹਾਂ ਰੋਪੜ ਚ ਆਈਆਈਟੀ ਅਤੇ ਅੰਮ੍ਰਿਤਸਰ ਚ ਆਈਆਈਐੱਮ ਵਰਗੇ ਵੱਕਾਰੀ ਸੰਸਥਾਵਾਂ ਦੇ ਆਗਮਨ ਨੂੰ ਅਕਾਲੀ ਦਲ ਦੀ ਵੱਡੀ ਪ੍ਰਾਪਤੀ ਦੱਸਿਆ। ਸਿਹਤ ਸੇਵਾਵਾਂ ਦੇ ਖੇਤਰ ਚ ਬਠਿੰਡਾ ਵਿਖੇ ਏਮਜ਼ ਹਸਪਤਾਲ ਲਿਆਉਣਾ ਅਕਾਲੀ ਸਰਕਾਰ ਦੀ ਦੂਰਅੰਦੇਸ਼ੀ ਦਾ ਹੀ ਨਤੀਜਾ ਸੀ, ਜਿਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਸਸਤਾ ਅਤੇ ਆਧੁਨਿਕ ਇਲਾਜ ਮਿਲਣਾ ਸੰਭਵ ਹੋਇਆ। ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਕਿਸਾਨਾਂ ਲਈ ਮੁਫਤ ਬਿਜਲੀ ਅਤੇ ਨਹਿਰੀ ਪਾਣੀ ਦੀ ਫੀਸ ਮੁਆਫ ਕਰਨਾ ਅਕਾਲੀ ਦਲ ਦੀਆਂ ਤਰਜੀਹਾਂ ਵਿਚ ਰਿਹਾ ਹੈ। ਮੋਹਾਲੀ ਅਤੇ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਏਅਰਪੋਰਟ, ਜਾਲ ਵਾਂਗ ਵਿਛੀਆਂ 4-ਲੇਨ ਸੜਕਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਸੱਚੀ ਹਮਦਰਦ ਹੈ।