ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਦੀਆਂ ਤਿਆਰੀਆਂ
ਪੰਜਾਬ ਦਿਿਵਆਂਗ ਐਕਸ਼ਨ ਕਮੇਟੀ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਫਗਵਾੜਾ ਦੀਆਂ ਤਿਆਰੀਆਂ
Publish Date: Tue, 07 Apr 2026 10:10 PM (IST)
Updated Date: Tue, 07 Apr 2026 10:11 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਵੱਲੋਂ ਦਿਵfਆਂਗ ਵਰਗ ਨੂੰ ਬਜ਼ਟ ਸੈਸ਼ਨ ਦੌਰਾਨ ਅਣਗੌਲਿਆ ਕਰਨ ਤੇ ਸਬ ਕਮੇਟੀ ਨਾਲ ਹੋਈਆਂ ਅਨੇਕਾਂ ਅਸਫਲ ਮੀਟਿੰਗਾਂ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਡਾ. ਬਲਜੀਤ ਕੌਰ ਵੱਲੋਂ ਵੀ ਵਧੀਆ ਢੰਗ ਨਾਲ਼ ਭਲਾਈ ਸਕੀਮਾਂ ਨੂੰ ਲਾਗੂ ਕਰਵਾਉਣ ਵਿਚ ਫੇਲ੍ਹ ਹੋਣ ਕਾਰਨ ਦਿਵਿਆਂਗ ਵਰਗ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲਈ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਹਲਕਾ ਇੰਚਾਰਜ ਪਲਵਿੰਦਰ ਸਿੰਘ ਪਿੰਦਾ, ਭਾਰਤ ਭੂਸ਼ਨ, ਮਨਜੀਤ ਬਰਨਾ, ਸਰਬਜੀਤ ਸਿੰਘ ਲਾਟੂ ਤੇ ਮਨਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨ 2500/ ਰੁਪਏ ਪ੍ਰਤੀ ਮਹੀਨੇ ਦੀ ਗਰੰਟੀ ਦਿੱਤੀ ਸੀ, ਜਿਸ ਸਬੰਧੀ ਐਕਸ਼ਨ ਕਮੇਟੀ ਵੱਲੋਂ ਕੈਬਨਿਟ ਮੰਤਰੀਆਂ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੰਗ ਪੱਤਰ ਭੇਜੇ ਗਏ ਪ੍ਰੰਤੂ ਸਰਕਾਰ ਵੱਲੋਂ ਬੀਬੀਆਂ ਨੂੰ ਦਿੱਤੀ ਗਰੰਟੀ ਸਬੰਧੀ ਤਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਪ੍ਰੰਤੂ ਕੰਮਕਾਜ ਕਰਨ ਤੋਂ ਅਸਮਰਥ ਵਰਗ ਨੂੰ ਮਹਿੰਗਾਈ ਦੇ ਯੁੱਗ ਵਿਚ 1500/ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੀ ਦਿੱਤੀ ਜਾ ਰਹੀ ਹੈ ਜਦਕਿ ਗੁਆਂਢੀ ਰਾਜ ਹਰਿਆਣਾ ਸਰਕਾਰ ਵੱਲੋਂ 3500/ ਰੁਪਏ ਵਿੱਤੀ ਸਹਾਇਤਾ ਪੈਨਸ਼ਨ ਦਿੱਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਦੀ ਮੀਟਿੰਗ ਵਿਚ ਗੁਪਤ ਐਕਸ਼ਨ ਵਿਸਾਖੀ ਤੋਂ ਬਾਅਦ ਫਗਵਾੜਾ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ ਕਿਉਂਕਿ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ ਐਕਸ਼ਨ ਕਮੇਟੀ ਦੇ 11 ਮੈਂਬਰੀ ਵਫ਼ਦ ਦੀ ਮੀਟਿੰਗ ਤੈਅ ਨਹੀਂ ਕਰਵਾਈ ਜਾਂਦੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੂੰ ਮਾਰਚ ਮਹੀਨੇ ਵੀ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਵਾਈ ਜਾਵੇਗੀ ਪ੍ਰੰਤੂ ਪ੍ਰਸਾਸ਼ਨ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਦਿਵਿਆਂਗ ਐਕਸ਼ਨ ਕਮੇਟੀ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਗੁਪਤ ਐਕਸ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਦਵਿੰਦਰ ਕੌਰ ਫਗਵਾੜਾ ਕਰਨਗੇ। ਇਸ ਮੌਕੇ ਜੀਵਨ ਕੁਮਾਰ, ਮੋਠੂ ਰਾਮ ਸਾਹਨੀ, ਜੋਤੀ ਫਗਵਾੜਾ, ਪਿੰਕੀ ਹਦੀਆਬਾਦ, ਪਰਮਜੀਤ ਕੌਰ ਰਾਣੀ ਸਮੇਤ ਹੋਰ ਆਗੂ ਹਾਜ਼ਰ ਸਨ।