ਪਵਿੱਤਰ ਸਰੂਪਾਂ ਬਾਰੇ ਮਾਨ ਦਾ ਬਿਆਨ ਨਿੰਦਣਯੋਗ : ਲੋਕੇਸ਼ ਬਾਲੀ
ਮਾਘੀ ਮੇਲੇ ਵਿੱਚ ਪਵਿੱਤਰ ਸਰੂਪਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਬੇਬੁਨਿਆਦ ਅਤੇ ਅਤਿ ਨਿੰਦਣਯੋਗ-ਲੋਕੇਸ਼ ਬਾਲੀ
Publish Date: Tue, 20 Jan 2026 06:48 PM (IST)
Updated Date: Tue, 20 Jan 2026 06:51 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਾਘੀ ਮੇਲੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਦੇ ਬਿਆਨ ਦਾ ਵਿਰੋਧ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਰਾਜਾ ਨੌ ਆਬਾਦ ਪਿੰਡ ਵਿਚ ਧੰਨ-ਧੰਨ ਸ਼੍ਰੀ ਨਾਭ ਕੰਵਲ ਜੀ ਦੇ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦਾ ਹਵਾਲਾ ਦਿੱਤਾ ਸੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਕਿਹਾ ਕਿ ਰਾਜਾ ਸਾਹਿਬ ਦੇ ਅਸਥਾਨ ’ਤੇ ਹਰ ਰੋਜ਼ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਉਨ੍ਹਾਂ ਮੁੱਖ ਮੰਤਰੀ ਦੇ ਬਿਆਨ ਨੂੰ ਸੱਤਾ ਦਾ ਨਸ਼ਾ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੱਤਾ ਦੇ ਨਸ਼ੇ ਵਿਚ ਇੰਨੇ ਮਸਤ ਹਨ ਕਿ ਉਹ ਬੋਲਣ ਤੋਂ ਪਹਿਲਾਂ ਮਾਮਲੇ ਦੀ ਜਾਂਚ ਵੀ ਨਹੀਂ ਕਰਦੇ, ਜਿਸ ਦੇ ਨਤੀਜੇ ਅੱਜ ਸਪੱਸ਼ਟ ਹਨ। ਇਸ ਨਾਲ ਦੁਨੀਆ ਭਰ ਵਿਚ ਰਹਿੰਦੇ ਸ੍ਰੀ ਰਾਜਾ ਸਾਹਿਬ ਨਾਭ ਕਮਲ ਜੀ ਦੇ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਲੋਕੇਸ਼ ਬਾਲੀ ਨੇ ਕਿਹਾ ਕਿ ਇਹ ਸਥਾਨ ਆਸਥਾ ਦਾ ਇਕ ਵੱਡਾ ਕੇਂਦਰ ਹੈ, ਜਿਥੇ ਪੰਜਾਬ ਦੇ ਲੱਖਾਂ ਲੋਕ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਵਿਚ ਆਸਥਾ ਰੱਖਦੇ ਹਨ, ਉਥੇ ਹੀ ਦੇਸ਼-ਵਿਦੇਸ਼ ਦੇ ਸ਼ਰਧਾਲੂ ਵੀ ਇਸ ਪਵਿੱਤਰ ਸਥਾਨ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਸਾਨੂੰ ਬਹੁਤ ਦੁੱਖ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਮੇਲੇ ਵਿਚ ਆਪ ਦੀ ਰੈਲੀ ਦੌਰਾਨ ਇਸ ਜਗ੍ਹਾ ’ਤੇ ਬੇਬੁਨਿਆਦ ਦੋਸ਼ ਲਗਾਏ, ਜਿਸਦੀ ਵਿਆਪਕ ਤੌਰ ’ਤੇ ਨਿੰਦਾ ਕੀਤੀ ਜਾ ਰਹੀ ਹੈ। ਭਾਜਪਾ ਮੁੱਖ ਮੰਤਰੀ ਮਾਨ ਦੇ ਬਿਆਨ ਅਤੇ ਪ੍ਰਬੰਧਨ ਕਮੇਟੀ ਵਿਰੁੱਧ ਐੱਸਆਈਟੀ ਦੀ ਕਾਰਵਾਈ ਦੀ ਸਖ਼ਤ ਨਿੰਦਾ ਕਰਦੀ ਹੈ। ਲੋਕੇਸ਼ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਬੇਬੁਨਿਆਦ ਬਿਆਨ ਦੇ ਰਹੇ ਹਨ।