ਪਾਵਨ ਸਰੂਪਾਂ ਦੇ ਮੁੱਦੇ ’ਤੇ ਸੀਐੱਮ ਨੇ ਲਿਆ ਸਾਲ ਦਾ ਪਹਿਲਾ ਯੂ-ਟਰਨ : ਘੁੰਮਣ
ਮੁੱਖ ਮੰਤਰੀ ਪੰਜਾਬ ਵੱਲੋਂ 2026 ਦਾ ਪਹਿਲਾ ਯੂਟਰਨ, ਜਸਵਿੰਦਰ ਘੁੰਮਣ
Publish Date: Tue, 20 Jan 2026 06:58 PM (IST)
Updated Date: Tue, 20 Jan 2026 07:00 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਅੰਦਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਬਜ਼ ਹੋਈ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਣ ਵੱਲੋਂ ਬਹੁਤ ਸਾਰੇ ਫੈਸਲਿਆਂ ਨੂੰ ਸਵੇਰੇ ਲਾਗੂ ਕੀਤਾ ਗਿਆ ਤੇ ਸ਼ਾਮ ਹੁੰਦੇ ਸਾਰ ur ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਉੱਪਰ ਯੂ-ਟਰਨ ਲੈਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ 2026 ਦਾ ਪਹਿਲਾ ਯੂ-ਟਰਨ ਹੈ। ਇਹ ਪਹਿਲਾ ਫੈਸਲਾ ਨਹੀਂ ਹੈ, ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ ਕਿ ਮੁੱਖ ਮੰਤਰੀ ਸਾਹਿਬ ਰਾਤ ਨੂੰ ਕੁਝ ਹੋਰ ਕਹਿੰਦੇ ਹਨ ਤੇ ਸਵੇਰੇ ਉੱਠਦੇ ਸਾਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਰਾਤ ਨੂੰ ਕਿਹਾ ਕੀ ਸੀ ਤੇ ਫੈਸਲਾ ਲਾਗੂ ਕਿਹੜਾ ਕਰਨਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਧੰਨ ਧੰਨ ਰਾਜਾ ਸਾਹਿਬ ਰਾਜਾ ਨਾਭ ਕਮਲ ਸਾਹਿਬ ਜੀ ਦੇ ਅਸਥਾਨ ਦੇ ਖਿਲਾਫ ਮਾਘੀ ਦੇ ਮੇਲੇ ਵਿਚ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਮੁੜ ਤੋਂ ਯੂਟਰਨ ਲਿਆ ਗਿਆ ਹੈ। ਕਿਸੇ ਸਟੇਟ ਦੇ ਮੁੱਖ ਮੰਤਰੀ ਦੀ ਸਖ਼ਸ਼ੀਅਤ ਅਜਿਹੀ ਹੋਣੀ ਚਾਹੀਦੀ ਹੈ ਕਿ ਜਿਸ ਦਾ ਕਿਹਾ ਪੱਥਰ ’ਤੇ ਲਕੀਰ ਹੋਵੇ ਪਰ ਇਕ ਕਾਮੇਡੀ ਐਕਟਰ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਕਰਕੇ ਹੁਣ ਸੱਚਮੁੱਚ ਹੀ ਪੰਜਾਬ ਦੇ ਲੋਕ ਪਛਤਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ ਸ਼ੇਰਗਿੱਲ, ਰਣਜੀਤ ਸਿੰਘ ਜੀਤੀ ਖੇੜਾ, ਸ਼੍ਰੋਮਣੀ ਅਕਾਲੀ ਦਲ ਸੂਬਾ ਯੂਥ ਵਿੰਗ ਦੇ ਮੀਤ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਕੁਲਾਰ ਨੇ ਕਿਹਾ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੇ ਅਸਥਾਨ ’ਤੇ ਵਿੱਤ ਮੰਤਰੀ ਵੱਲੋਂ ਪਹੁੰਚ ਕੇ ਐੱਸਆਈਟੀ ਵੱਲੋਂ ਗਲਤ ਜਾਣਕਾਰੀ ਦਾ ਹਵਾਲਾ ਦੇਣਾ ਬਹੁਤ ਹੀ ਨਿੰਦਣਯੋਗ ਹੈ। ਅਜਿਹੇ ਪਵਿੱਤਰ ਅਸਥਾਨ ਦੇ ਖਿਲਾਫ ਪਹਿਲਾਂ ਨਿੰਦਿਆ ਕਰਨੀ ਅਤੇ ਬਾਅਦ ਵਿਚ ਆਪਣੇ ਵਿੱਤ ਮੰਤਰੀ ਨੂੰ ਭੇਜ ਕੇ ਖੰਡਨ ਕਰਨਾ ਇਹ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਦੋਂ ਅਸੀਂ ਆਪਣੀ ਜ਼ੁਬਾਨ ਰਾਹੀਂ ਕਿਸੇ ਦੇ ਖਿਲਾਫ ਅਪਸ਼ਬਦ ਬੋਲਦੇ ਹਾਂ ਤਾਂ ਉਹ ਤੀਰ ਨਾਲੋਂ ਵੀ ਤੇਜ਼ ਅਸਰ ਰੱਖਦੇ ਹਨ ਅਤੇ ਬਾਅਦ ਵਿਚ ਉਸ ਤੋਂ ਮਾਫੀ ਮੰਗਣ ਨਾਲ ਉਸ ਗਲਤੀ ਦੀ ਭਰਪਾਈ ਨਹੀਂ ਹੁੰਦੀ। ਜਦੋਂ ਸੂਬੇ ਦੇ ਮੁੱਖ ਮੰਤਰੀ ਨੂੰ ਕਿਸੇ ਚੀਜ਼ ਦੀ ਸਹੀ ਜਾਣਕਾਰੀ ਹੁੰਦੀ ਹੀ ਨਹੀਂ ਤਾਂ ਉਹ ਫਿਰ ਮੀਡੀਆ ਸਾਹਮਣੇ ਗਲਤ ਪ੍ਰਚਾਰ ਕਿਉਂ ਕਰਦੇ ਹਨ। ਅਜਿਹਾ ਹੀ ਪਹਿਲਾਂ ਲੈਂਡ ਪੂਲਿੰਗ ਨੀਤੀ ਸਮੇਂ ਵੀ ਹੋਇਆ ਸੀ। ਕਿਸਾਨਾਂ ਤੇ ਦੂਜੀਆਂ ਧਿਰਾਂ ਨੇ ਵਿਰੋਧ ਕੀਤਾ ਤਾਂ ਉਸ ਕਾਨੂੰਨ ਨੂੰ ਵੀ ਵਾਪਸ ਲਿਆ ਗਿਆ। ਪਟਵਾਰੀ ਭਰਤੀ ਦੇ ਮਾਮਲੇ ਵਿਚ ਵੀ ਸਰਕਾਰ ਨੇ ਯੂ-ਟਰਨ ਲਿਆ ਸੀ। 2025-26 ਵਿਚ ਕਿਸਾਨ ਪ੍ਰਦਰਸ਼ਨ ਦੌਰਾਨ ਮਾਨ ਸਰਕਾਰ ਕਿਸਾਨਾਂ ਤੇ ਕੇਂਦਰ ਵਿਚਕਾਰ ਵਿਚੋਲੀਏ ਦੀ ਭੂਮਿਕਾ ਨਿਭਾ ਰਹੇ ਸੀ ਪਰ ਬਾਅਦ ਵਿਚ ਆਪਣਾ ਰੁਖ਼ ਬਦਲ ਲਿਆ ਤੇ ਜਾਮ ਕੀਤੇ ਰਸਤੇ ਖੋਲਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 328 ਸਰੂਪਾਂ ਦੇ ਮਾਮਲੇ ਚ ਵੀ ਮੁੱਖ ਮੰਤਰੀ ਨੇ ਪਹਿਲਾਂ ਬਿਆਨ ਦੇ ਕੇ ਦਾਅਵਾ ਕੀਤਾ ਕਿ 169 ਸਰੂਪ ਸ੍ਰੀ ਰਾਜਾ ਨਾਭ ਕਮਲ ਸਾਹਿਬ ਜੀ ਦੇ ਅਸਥਾਨ ਤੋਂ ਮਿਲ ਚੁੱਕੇ ਹਨ ਤੇ ਬਾਅਦ ਵਿਚ ਜਦੋਂ ਵਿਰੋਧ ਹੋਣ ਲੱਗਾ ਤਾਂ ਆਪਣੇ ਹੀ ਵਿੱਤ ਮੰਤਰੀ ਨੂੰ ਭੇਜ ਕੇ ਮੁਆਫੀ ਮੰਗੀ ਅਤੇ ਸਿੱਟ ਨੂੰ ਦੋਸ਼ੀ ਠਹਿਰਾ ਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਬਿਨਾਂ ਸੋਚੇ-ਸਮਝੇ ਧਾਰਮਿਕ ਮਸਲਿਆਂ ਸਬੰਧੀ ਬਿਆਨ ਜਾਰੀ ਕਰ ਦਿੰਦੇ ਹਨ ਜਦਕਿ ਇਹ ਕੰਮ ਪੰਥਕ ਖੇਮਿਆਂ ਦਾ ਹੈ। ਸਰੂਪਾਂ ਸਬੰਧੀ ਪਹਿਲਾਂ ਪੰਥਕ ਆਗੂਆਂ ਨਾਲ ਗੱਲਬਾਤ ਕਰਕੇ ਸਪਸ਼ਟ ਕਰਨਾ ਚਾਹੀਦਾ ਹੈ। ਇਸ ਤਰਾਂ ਅਜਿਹੇ ਪਵਿੱਤਰ ਸਥਾਨ ਖਿਲਾਫ ਅਪਸ਼ਬਦ ਬੋਲਣਾ ਬਹੁਤ ਹੀ ਨਿੰਦਣਯੋਗ ਹੈ, ਜਿਸ ਦਾ ਜਵਾਬ ਆਉਣ ਵਾਲੇ ਸਮੇਂ ਵਿਚ ਲੋਕ ਵੀ ਆਮ ਆਦਮੀ ਪਾਰਟੀ ਵੱਲੋਂ ਯੂ-ਟਰਨ ਲੈ ਕੇ ਦੇਣਗੇ।