ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਕਲਮ ਛੋੜ ਹੜਤਾਲ
ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਦੋ ਘੰਟੇ ਲਈ ਸਮੂਹ ਸੇਵਾਵਾਂ ਠੱਪ
Publish Date: Thu, 29 Jan 2026 08:39 PM (IST)
Updated Date: Thu, 29 Jan 2026 08:40 PM (IST)
ਦੋ ਘੰਟੇ ਲਈ ਹਰ ਤਰ੍ਹਾਂ ਦੀ ਸੇਵਾ ਠੱਪ ਕੀਤੀ
ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਅੱਜ ਪੰਜਾਬ ਭਰ ਵਿਚ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ ਕਲਮ ਛੋੜ ਹੜਤਾਲ ਕਪੂਰਥਲਾ ਵਿਚ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਬਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਪਹਿਲੇ ਪੜਾਅ ਵਿਚ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਭਰ ਵਿਚ ਐੱਚਆਈਵੀ/ਏਡਜ਼ ਦੀਆਂ ਸਾਰੀਆਂ ਸੇਵਾਵਾਂ ਦਵਾਈ ਦੇਣ, ਟੈਸਟਿੰਗ, ਕਾਊਸਲਿੰਗ, ਨਸ਼ੇ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ, ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ ਤੇ ਬਲੱਡ ਸੈਂਟਰਾਂ ਦੇ ਕਰਮਚਾਰੀਆਂ ਨੇ ਅੱਜ ਮਿਤੀ 29 ਜਨਵਰੀ ਨੂੰ ਸਵੇਰੇ ਦੋ ਘੰਟੇ ਲਈ ਹਰ ਤਰ੍ਹਾਂ ਦੀ ਸੇਵਾ ਠੱਪ ਕਰਕੇ ਆਪੋ-ਆਪਣੇ ਸੈਂਟਰਾਂ ’ਤੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਹਰ ਤਰ੍ਹਾਂ ਦੀ ਰਿਪੋਰਟਿੰਗ ਬੰਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 3 ਵਰਵਰੀ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ ਪ੍ਰੰਤੂ ਜੇਕਰ ਮੰਗਾਂ ਨਹੀਂ ਮੰਨੀਆਂ ਤਾਂ ਮਿਤੀ 15 ਫਰਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਪੰਜਾਬ ਭਰ ਦੇ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੱਢੀ ਜਾਵੇਗੀ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਵਿਭਾਗ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਅਰਧ ਸੈਂਕੜਾ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਰ ਵਾਰ ਸਹਿਮਤੀ ਦੇ ਬਾਵਜੂਦ ਨਾ ਤਾਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਤਨਖਾਹ ਵਿਚ ਵੀਹ ਪਰਸੈਂਟ ਵਾਧਾ ਹੋਇਆ ਤੇ ਨਾ ਹੀ ਵਿਭਾਗੀ ਕਾਰਵਾਈ ਸਿਰੇ ਲੱਗੀਆਂ, ਜਦਕਿ ਕਈ ਵਾਰ ਸਿਹਤ ਸਕੱਤਰ ਵੱਲੋਂ ਪੰਜਾਬ ਸਰਕਾਰ ਨੂੰ ਪਰਪੋਜ਼ਲ ਭੇਜਣ ਲਈ ਲਿਖਿਆ ਵੀ ਗਿਆ। ਜਨਰਲ ਸਕੱਤਰ ਗੁਰਜੰਟ ਸਿੰਘ ਵਲੋਂ ਦੱਸਿਆ ਗਿਆ ਕਿ ਇਹ ਸੰਘਰਸ਼ ਸਰਕਾਰ ਵੱਲੋਂ ਕਰਮਚਾਰੀਆਂ ਨਾਲ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਪ੍ਰਦਰਸ਼ਨ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਚਾਰ ਸਾਲ ਤੱਕ ਕਰਮਚਾਰੀ ਹੱਕਾਂ ਲਈ ਉਡੀਕ ਕੀਤੀ ਗਈ ਹੈ, ਪਰ ਹੁਣ ਪਾਣੀ ਸਿਰ ਉਪਰੋਂ ਲੰਘ ਗਿਆ ਹੈ। ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਨੂੰ ਪੰਜਾਬ ਭਰ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ।