- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਏਡਜ਼ ਕੰਟਰੋਲ ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਸ਼ੁਰੂ

--15 ਫਰਵਰੀ ਨੂੰ ਸਿਹਤ ਮੰਤਰੀ ਦੀ ਨਿੱਜੀ ਰਿਹਾਇਸ਼ ਦਾ ਹੋਵੇਗਾ ਘਿਰਾਓ : ਕਾਬਲ ਸਿੰਘ
--ਹਰ ਤਰ੍ਹਾਂ ਦੀ ਰਿਪੋਰਟਿੰਗ ਤੇ ਦਵਾਈਆਂ ਦੇਣੀਆਂ ਪੂਰੀ ਤਰ੍ਹਾਂ ਨਾਲ ਹੋਣਗੀਆਂ ਬੰਦ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਿਹਤ ਵਿਭਾਗ ਦੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਤੇ ਜ਼ਿਲ੍ਹਾ ਆਗੂ ਕਾਬਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਸੰਦਰਭ ਵਿਚ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਭਰ ਵਿਚ ਐੱਚਆਈਵੀ/ਏਡਜ਼ ਦੀਆਂ ਸਾਰੀਆਂ ਸੇਵਾਵਾਂ ਦਵਾਈ ਦੇਣ, ਟੈਸਟਿੰਗ, ਕਾਊਸਲਿੰਗ, ਨਸ਼ੇ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ, ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਇਲਾਵਾ ਬਲੱਡ ਸੈਂਟਰਾਂ ਦੇ ਕਰਮਚਾਰੀ ਮਿਤੀ 29 ਜਨਵਰੀ ਨੂੰ ਸਵੇਰੇ ਦੋ ਘੰਟੇ ਲਈ ਹਰ ਤਰ੍ਹਾਂ ਦੀ ਸੇਵਾ ਠੱਪ ਕਰਕੇ ਆਪੋ-ਆਪਣੇ ਸੈਂਟਰਾਂ ’ਤੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਗੇ। ਜ਼ਿਲ੍ਹਾ ਆਗੂ ਕਾਬਲ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਹਰ ਤਰ੍ਹਾਂ ਦੀ ਰਿਪੋਰਟਿੰਗ ਬੰਦ ਕੀਤੀ ਜਾਵੇਗੀ ਤੇ ਸਾਰੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕੀਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਮਿਤੀ 15 ਫਰਵਰੀ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਖੇ ਪੰਜਾਬ ਭਰ ਦੇ ਕਰਮਚਾਰੀ ਰੋਸ ਰੈਲੀ ਕੱਢਣ ਲਈ ਮਜ਼ਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਵਿਭਾਗ ਦੀ ਹੋਵੇਗੀ l ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਅਰਧ ਸੈਂਕੜਾ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਰ ਵਾਰ ਸਹਿਮਤੀ ਦੇ ਬਾਵਜੂਦ ਨਾ ਤਾਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਤਨਖਾਹ ਵਿਚ ਵੀਹ ਪਰਸੈਂਟ ਵਾਧਾ ਹੋਇਆ ਅਤੇ ਨਾ ਹੀ ਵਿਭਾਗੀ ਕਾਰਵਾਈ ਸਿਰੇ ਲੱਗੀਆਂ ਜਦਕਿ ਕਈ ਵਾਰ ਸਿਹਤ ਸਕੱਤਰ ਵੱਲੋਂ ਪੰਜਾਬ ਸਰਕਾਰ ਨੂੰ ਪਰਪੋਜ਼ਲ ਭੇਜਣ ਲਈ ਲਿਖਿਆ ਗਿਆ। ਯੂਨੀਅਨ ਵੱਲੋਂ ਦੱਸਿਆ ਗਿਆ ਕਿ ਇਹ ਸੰਘਰਸ਼ ਸਰਕਾਰ ਵੱਲੋਂ ਕਰਮਚਾਰੀਆਂ ਨਾਲ ਵਾਅਦਾਖਿਲਾਫੀ ਦੇ ਵਿਰੋਧ ਵਿਚ ਤੇ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਹਾਲਾਂਕਿ ਸਰਕਾਰ ਦੀ ਚਾਰ ਸਾਲ ਤੱਕ ਕਰਮਚਾਰੀ ਹੱਕਾਂ ਲਈ ਉਡੀਕ ਕੀਤੀ ਗਈ ਹੈ ਪਰ ਹੁਣ ਪਾਣੀ ਸਿਰ ਉਪਰੋਂ ਲੰਘ ਗਿਆ ਹੈ। ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਨੂੰ ਜ਼ਿਲ੍ਹਾ ਅਹੁਦੇਦਾਰਾਂ ਤੇ ਸੀਨੀਅਰ ਆਗੂਆਂ ਨੇ ਮੀਟਿੰਗ ਵਿਚ ਹਾਜ਼ਰ ਹੋ ਕੇ ਹਰ ਹਾਲ ਨੇਪਰੇ ਚਾੜ੍ਹਨ ਦਾ ਐਲਾਨ ਕੀਤਾ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਕਾਬਲ ਸਿੰਘ, ਮਨਜੀਤ ਰਾਣੀ, ਨਵਪ੍ਰੀਤ ਕੌਰ, ਮਨਬੀਰਪ੍ਰੀਤ ਸਿੰਘ, ਸਰੋਜ, ਪਵਨਦੀਪ ਅਮਰਜੀਤ ਸਿੰਘ ਹਾਜ਼ਰ ਸਨ।