ਮੀਂਹ ਦੇ ਬਾਵਜੂਦ ਥਾਣੇ ਅੱਗੇ ਧਰਨਾ ਜਾਰੀ
ਕੁਦਰਤ ਦੇ ਕਹਿਰ ਦੇ ਬਾਵਜੂਦ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਥਾਣੇ ਅੱਗੇ ਧਰਨਾ ਜਾਰੀ
Publish Date: Thu, 19 Mar 2026 08:54 PM (IST)
Updated Date: Thu, 19 Mar 2026 08:58 PM (IST)

ਨਿਰਦਈ ਸਰਕਾਰ, ਪੁਲਿਸ, ਪ੍ਰਸ਼ਾਸਨ ਸਮੇਤ ਕੁਦਰਤ ਵੀ ਪੀੜਤ ਪਰਿਵਾਰ ਦਾ ਇਮਤਿਹਾਨ ਲੈ ਰਹੀ : ਚੀਦਾ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਕੁਦਰਤ ਦੇ ਕਹਿਰ ਦੇ ਚਲਦਿਆਂ ਕਈ ਦਿਨਾਂ ਤੋਂ ਪੈ ਰਹੇ ਮੀਂਹ ਵਿਚ ਵੀ ਪੁਲਿਸ ਪ੍ਰਸ਼ਾਸਨ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਥਾਣਾ ਸੁਭਾਨਪੁਰ ਅੱਗੇ ਦਿਨ-ਰਾਤ ਦਾ ਧਰਨਾ ਲਗਾਤਾਰ ਜਾਰੀ ਹੈ। ਧਰਨੇ ਉੱਤੇ ਪੀੜਤ ਪਰਿਵਾਰ ਤੇ ਪੇਂਡੂ ਮਜ਼ਦੂਰ ਡਟੇ ਹੋਏ ਹਨ। ਅੱਜ 16ਵੇਂ ਦਿਨ ਵੀ ਮ੍ਰਿਤਕ ਰਵੀ ਦਾ ਸੰਸਕਾਰ ਨਹੀਂ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਨਿਰਦਈ ਭਗਵੰਤ ਮਾਨ ਸਰਕਾਰ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਸਮੇਤ ਕੁਦਰਤ ਵੀ ਪੀੜਤ ਪਰਿਵਾਰ ਦੇ ਸਿਦਕ ਦਾ ਇਮਤਿਹਾਨ ਲੈ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਨੇ ਦਲਿਤ ਵਿਰੋਧੀ ਰਵੱਈਆ ਧਾਰਨ ਕੀਤਾ ਹੋਇਆ। ਇਸ ਕਰਕੇ ਹੀ ਅੱਜ ਤੱਕ ਨੌਜਵਾਨ ਰਵੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦਲਿਤ ਨੌਜਵਾਨ ਰਵੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਤੇ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਤੱਕ ਧਰਨਾ ਜਾਰੀ ਰਹੇਗਾ। ਭਗਵੰਤ ਮਾਨ ਸਰਕਾਰ ਤੇ ਕੁਦਰਤ ਚਾਹੇ ਜਿਨ੍ਹਾਂ ਮਰਜ਼ੀ ਕਹਿਰ ਕਰੇ ਪਰ ਪੀੜਤ ਪਰਿਵਾਰ ਨੂੰ ਨਿਆਂ ਮਿਲਣ ਤੱਕ ਸੰਘਰਸ਼ ਲੜਿਆ ਜਾਵੇਗਾ। ਜੇਕਰ ਪੁਲਿਸ ਪ੍ਰਸ਼ਾਸਨ ਨੇ ਮਿੱਥੇ ਸਮੇਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਸਮੇਤ ਮੰਗਾਂ ਨੂੰ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਮੂਹ ਦਲਿਤਾਂ, ਮਜ਼ਦੂਰਾਂ ਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲਾਡੀ, ਜੱਗਾ ਆਦਿ ਨੇ ਵੀ ਸੰਬੋਧਨ ਕੀਤਾ।