- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਦੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ .

ਬੇਗਾਨਗੀ ਦੀ ਭਾਵਨਾ ਖਤਮ ਕਰਨ ਲਈ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ : ਸੰਤ ਸੀਚੇਵਾਲ
ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ; ਸੀਬੀਆਈ ਦੀ ਨਿਗਰਾਨੀ ਹੇਠ ਐੱਸਆਈਟੀ ਬਣਾਉਣ ਦੀ ਮੰਗ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਨੂੰ 42 ਸਾਲ ਬੀਤ ਜਾਣ ਬਾਵਜੂਦ ਇਨਸਾਫ਼ ਨਾ ਮਿਲਣ ਦੇ ਵਿਰੋਧ ਵਿਚ ਪੀੜਤ ਪਰਿਵਾਰਾਂ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ ਕੀਤਾ। ‘ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ’ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਉਠਾਈ। ਰੋਸ ਪ੍ਰਦਰਸ਼ਨ ਵਿਚ ਸ਼ਾਮਲ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰਾਂ ਵਿਚ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਅਜੇ ਵੀ 42 ਸਾਲਾਂ ਤੋਂ ਇਨਸਾਫ਼ ਲਈ ਭਟਕ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚੋਂ ਬੇਗਾਨਗੀ ਦੀ ਭਾਵਨਾ ਖਤਮ ਕਰਨ ਲਈ ਬਿਨਾਂ ਦੇਰੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਮਾਮਲੇ ਦੀ ਜਾਂਚ ਲਈ ਸੀਬੀਆਈ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਜਾਵੇ। ਨਾਲ ਹੀ ਟੀਪੀ ਗਰਗ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੇ ਹੋਏ ਉਸ ਵਿਚ ਨਾਮਜ਼ਦ ਉੱਚ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਚਸ਼ਮਦੀਦ ਗਵਾਹਾਂ ਨੂੰ ਅਸਲੇ ਦੇ ਲਾਇਸੰਸ ਤੇ ਗੰਨਮੈਨਾਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਧਰਨੇ ਦੌਰਾਨ ਚਸ਼ਮਦੀਦ ਗਵਾਹਾਂ ਰਾਮ ਸਿੰਘ (ਗੁਰੁਗ੍ਰਾਮ), ਗੁਰਜੀਤ ਸਿੰਘ (ਪਟੌਦੀ), ਗੁੱਡੀ ਦੇਵੀ (ਹਨੂਮਾਨਗੜ੍ਹ), ਗੁਰਦੀਪ ਸਿੰਘ (ਕੁਰੂਕਸ਼ੇਤਰ) ਤੇ ਸੁਰਜੀਤ ਕੌਰ (ਰੇਵਾੜੀ) ਨੇ ਕਤਲੇਆਮ ਦੀਆਂ ਦਰਦਨਾਕ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਨਸਾਫ਼ ਦੇ ਨਾਂ ‘ਤੇ ਕਈ ਕਮਿਸ਼ਨ ਬਣੇ ਪਰ ਨਤੀਜਾ ਸਿਫ਼ਰ ਰਿਹਾ ਤੇ ਰਿਪੋਰਟਾਂ ਸਾਲਾਂ ਤੋਂ ਫ਼ਾਇਲਾਂ ਵਿਚ ਧੂੜ ਫੱਕ ਰਹੀਆਂ ਹਨ। ਭਾਈ ਘੋਲੀਆ ਨੇ ਦੱਸਿਆ ਕਿ 2006 ਵਿਚ ਸੰਸਦ ਵਿਚ ਐਲਾਨਿਆ ਗਿਆ 1984 ਪੀੜਤਾਂ ਲਈ ਰਾਹਤ ਪੈਕੇਜ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਉਸ ਸਮੇਂ ਸਿਰਫ਼ ਦੋ-ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ, ਜੋ ਮੌਜੂਦਾ ਮਹਿੰਗਾਈ ਦੇ ਮੱਦੇਨਜ਼ਰ ਨਾਕਾਫ਼ੀ ਹੈ। ਪੀੜਤ ਪਰਿਵਾਰਾਂ ਨੇ ਪ੍ਰਤੀ ਪਰਿਵਾਰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੇ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ।
ਮੁਆਵਜ਼ਾ ਮਿਲੇ ਨਾ ਮਿਲੇ, ਇਨਸਾਫ਼ ਤਾਂ ਮਿਲੇ
ਸੁਰਜੀਤ ਕੌਰ ਉਸ ਵੇਲੇ ਸਿਰਫ਼ ਪੰਜ ਸਾਲ ਦੀ ਸੀ, ਜਦੋਂ ਭੀੜ ਨੇ ਉਸਦੇ ਪਰਿਵਾਰ ਦੇ 12 ਮੈਂਬਰਾਂ ਨੂੰ ਜਿਊਂਦਿਆਂ ਸਾੜ ਦਿੱਤਾ। ਉਹ ਮਾਮੇ ਦੇ ਘਰ ਹੋਣ ਕਾਰਨ ਬਚ ਗਈ। ਅੱਖਾਂ ਵਿਚ ਹੰਝੂਆਂ ਨਾਲ ਉਸਨੇ ਕਿਹਾ ਕਿ 42 ਸਾਲਾਂ ਤੋਂ ਉਹ ਇਸ ਉਡੀਕ ਵਿਚ ਜੀ ਰਹੀ ਹੈ ਕਿ ਉਸਦੇ ਬੇਕਸੂਰ ਪਰਿਵਾਰ ਦੇ ਕਾਤਲਾਂ ਨੂੰ ਕਦੋਂ ਸਜ਼ਾ ਮਿਲੇਗੀ। “ਮੁਆਵਜ਼ਾ ਮਿਲੇ ਨਾ ਮਿਲੇ, ਇਨਸਾਫ਼ ਤਾਂ ਮਿਲੇ,” ਉਸਨੇ ਭਾਵੁਕ ਹੋਕੇ ਕਿਹਾ।
ਗੁੱਡੀ ਦੇਵੀ, ਜੋ ਹੁਣ ਹਨੂਮਾਨਗੜ੍ਹ ਵਿੱਚ ਰਹਿੰਦੀ ਹੈ, ਨੇ ਦੱਸਿਆ ਕਿ 2 ਨਵੰਬਰ 1984 ਨੂੰ ਹਮਲਾਵਰਾਂ ਨੇ ਉਸਦੇ ਸੱਤ ਪਰਿਵਾਰਕ ਮੈਂਬਰਾਂ ਨੂੰ ਖੂਹ ਵਿੱਚ ਸੁੱਟ ਕੇ ਮਿੱਟੀ ਦਾ ਤੇਲ ਪਾ ਕੇ ਜਿਊਂਦਿਆਂ ਸਾੜ ਦਿੱਤਾ। ਉਹ ਉਸ ਵੇਲੇ ਛੇ ਸਾਲ ਦੀ ਸੀ ਅਤੇ ਨਾਨਕੇ ਹੋਣ ਕਾਰਨ ਬਚ ਗਈ। ਉਸਦੇ ਚਾਚਾ ਬਲਵੰਤ ਸਿੰਘ ਦੇ 11 ਪਰਿਵਾਰਕ ਮੈਂਬਰ ਇਸ ਕਤਲੇਆਮ ਵਿੱਚ ਮਾਰੇ ਗਏ। ਕੁੱਲ 32 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ।