ਗੰਦੇ ਪਾਣੀ ਦੀ ਸਮੱਸਿਆ ਕਾਰਨ ਦੁਕਾਨਦਾਰ ਪਰੇਸ਼ਾਨ
ਨਗਰ ਪੰਚਾਇਤ ਦਫ਼ਤਰ ਦੇ ਨਾਲ ਲੱਗਦੀ ਦੁਕਾਨ ਅੱਗੇ ਗੰਦੇ ਪਾਣੀ ਦੀ ਸਮੱਸਿਆ, ਦੁਕਾਨਦਾਰ ਪ੍ਰੇਸ਼ਾਨ
Publish Date: Wed, 07 Jan 2026 07:45 PM (IST)
Updated Date: Thu, 08 Jan 2026 04:09 AM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਕਸਬਾ ਨਡਾਲਾ ਦੇ ਤਲਵੰਡੀ ਪੁਰਦਲ ਰੋਡ ’ਤੇ ਸਥਿਤ ਨਗਰ ਪੰਚਾਇਤ ਦਫ਼ਤਰ ਦੇ ਬਿਲਕੁਲ ਨਾਲ ਲੱਗਦੀ ਖਾਦ ਦੀ ਦੁਕਾਨ ਦੇ ਬਾਹਰ ਅਕਸਰ ਨਾਲੀਆਂ ਦਾ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਦੁਕਾਨਦਾਰ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਦੁਕਾਨਦਾਰ ਨਸੀਬ ਸ਼ਰਮਾ ਨੇ ਦੱਸਿਆ ਕਿ ਇਹ ਸਮੱਸਿਆ ਕੋਈ ਇੱਕ ਦਿਨ ਦੀ ਨਹੀਂ, ਬਲਕਿ ਰੋਜ਼ਾਨਾ ਦੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਢੰਗ ਠੀਕ ਨਾ ਹੋਣ ਕਾਰਨ ਗੰਦਾ ਪਾਣੀ ਉਨ੍ਹਾਂ ਦੀ ਦੁਕਾਨ ਦੇ ਬਾਹਰ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਕਾਰੋਬਾਰ ‘ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਗਾਹਕਾਂ ਨੂੰ ਵੀ ਦਿੱਕਤ ਹੁੰਦੀ ਹੈ। ਨਸੀਬ ਸ਼ਰਮਾ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਨਗਰ ਪੰਚਾਇਤ ਦਫ਼ਤਰ ਵੱਲੋਂ ਦਫ਼ਤਰ ਦੇ ਬਾਹਰ ਅਤੇ ਆਸ-ਪਾਸ ‘ਸਵੱਛ ਭਾਰਤ ਮੁਹਿੰਮ’ ਸਬੰਧੀ ਵੱਡੇ-ਵੱਡੇ ਇਸ਼ਤਿਹਾਰ ਲਗਾਏ ਹੋਏ ਹਨ, ਪਰ ਹਕੀਕਤ ਵਿੱਚ ਸਫ਼ਾਈ ਪ੍ਰਤੀ ਅਧਿਕਾਰੀਆਂ ਦੀ ਬੇਧਿਆਨੀ ਅਤੇ ਲਾਪਰਵਾਹੀ ਸਪਸ਼ਟ ਨਜ਼ਰ ਆ ਰਹੀ ਹੈ। ਉਨ੍ਹਾਂ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਠੀਕ ਕਰਕੇ ਨਿਯਮਤ ਤੌਰ ‘ਤੇ ਚਾਲੂ ਰੱਖਿਆ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਲਾਤ ਮੁੜ ਪੈਦਾ ਨਾ ਹੋਣ ਤੇ ਲੋਕਾਂ ਨੂੰ ਰਾਹਤ ਮਿਲ ਸਕੇ।