ਮਾਡਰਨ ਜ਼ੇਲ੍ਹ ’ਚ ਕੈਦੀ ਦੀ ਤਬੀਅਤ ਵਿਗੜੀ, ਮੌਤ
ਮਾਡਰਨ ਜ਼ੇਲ੍ਹ ਵਿਚ ਕੈਦੀ ਦੀ ਤਬੀਅਤ ਵਿਗੜੀ, ਹਸਪਤਾਲ ਵਿਚ ਮੌਤ
Publish Date: Mon, 02 Feb 2026 09:11 PM (IST)
Updated Date: Mon, 02 Feb 2026 09:13 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਮਾਡਰਨ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਤਬੀਅਤ ਅਚਾਨਕ ਵਿਗੜਣ ’ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੈਦੀ ਦੀ ਤਬੀਅਤ ਵਿਗੜਣ ਦੇ ਬਾਅਦ ਪਹਿਲਾਂ ਉਸਨੂੰ ਜੇਲ੍ਹ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਕਪੂਰਥਲਾ ਵਿਚ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਇਸ ਸਬੰਧ ਵਿਚ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ ਸੈਂਟਰਲ ਜੇਲ੍ਹ ਵਿਚ ਕੈਦੀ ਸ਼ੇਰਦਾਸ ਪੁੱਤਰ ਸੋਹਣ ਸਿੰਘ ਨੂੰ ਜੇਲ੍ਹ ਕਰਮਚਾਰੀ ਸਿਵਲ ਹਸਪਤਾਲ ਲੈ ਕੇ ਪਹੁੰਚੇ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਕੈਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਡਿਊਟੀ ਡਾਕਟਰ ਨੇ ਇਹ ਵੀ ਦੱਸਿਆ ਕਿ ਮਾਮਲੇ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੈਦੀ ਸ਼ੇਰਦਾਸ ਹੱਤਿਆ ਦੇ ਇਕ ਮਾਮਲੇ ਵਿਚ ਸਜ਼ਾ ਕੱਟ ਰਿਹਾ ਸੀ। ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।