- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ

ਵਾਤਾਵਰਣ ਲਈ ਕੀਤੇ ਗਏ ਕਾਰਜਾਂ ਦੀ ਕੀਤੀ ਸ਼ਲਾਘਾ
ਦੇਸ਼ ਦੇ ਪ੍ਰਮੁੱਖ ਨੇਤਾਵਾਂ ਨੇ ਵੀ ਦਿੱਤੀਆਂ ਮੁਬਾਰਕਾਂ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਅੱਜ ਉਨ੍ਹਾਂ ਦੇ 64ਵੇਂ ਜਨਮ ਦਿਨ ’ਤੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਸੀਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ ਹਨ। ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਵੱਲੋਂ ਭੇਜੇ ਗਏ ਵਧਾਈ ਪੱਤਰ ਰਾਹੀ ਉਨ੍ਹਾਂ ਸੰਤ ਸੀਚੇਵਾਲ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਉਨ੍ਹਾਂ ਨੇ ਦੇਸ਼ ਲਈ ਜੋ ਯੋਗਦਾਨ ਪਾਇਆ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਸੰਤ ਸੀਚੇਵਾਲ ਲਈ ਖੁਸ਼ਹਾਲ, ਸਿਹਤਮੰਦ ਤੇ ਲੰਬੀ ਜ਼ਿੰਦਗੀ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਭੇਜੇ ਪੱਤਰ ਰਾਹੀਂ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਚੰਗੀ ਸਿਹਤ ਤੇ ਲੰਬੀ, ਸਿਹਤ ਭਰਪੂਰ ਜ਼ਿੰਦਗੀ ਦੀ ਕਾਮਨਾ ਕੀਤੀ। ਉਨ੍ਹਾਂ ਲਿਖਿਆ ਕਿ ਅੰਮ੍ਰਿਤ ਕਾਲ ਦੇ ਇਸ ਯੁੱਗ ਵਿਚ ਸੰਤ ਸੀਚੇਵਾਲ ਦੁਆਰਾ ਕੀਤੇ ਜਾ ਰਹੇ ਕਾਰਜ ਰਾਸ਼ਟਰ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣ ਵਿਚ ਮਦਦ ਕਰਨਗੇ। ਇਸ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਫੋਨ ’ਤੇ ਗੱਲਬਾਤ ਦੌਰਾਨ ਸੰਤ ਸੀਚੇਵਾਲ ਦੇ ਅਣਥੱਕ ਯਤਨਾਂ ਦੀ ਖ਼ਾਸ ਤੌਰ ’ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮੋਬਾਈਲ ਫ਼ੋਨ ’ਤੇ ਗੱਲਬਾਤ ਕਰਦਿਆਂ ਸੀਚੇਵਾਲ ਨੂੰ “ਮਹਾਤਮਾ ਜੀ ਕਹਿੰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਤੇ ਚੰਗੀ ਸਿਹਤ ਤੇ ਤੰਦਰੁਸਤੀ ਲਈ ਅਰਦਾਸ ਕੀਤੀ। ਕੇਂਦਰੀ ਖੇਤਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਵੀ ਸੰਤ ਸੀਚੇਵਾਲ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ ਗਈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਸੰਤ ਸੀਚੇਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਉਨ੍ਹਾਂ ਸੰਤ ਸੀਚੇਵਾਲ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਦੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ’ਤੇ ਦੂਰਅੰਦੇਸ਼ੀ ਸੋਚ ਦੇ ਨਾਲ ਸੰਵਿਧਾਨਕ ਮਰਿਆਦਾਵਾਂ ਪ੍ਰਤੀ ਆਪਣ ਅਟੱਲ ਨਿਸ਼ਠਾ ਪ੍ਰਗਟਾਈ ਹੈ। ਉਨ੍ਹਾਂ ਸੰਤ ਸੀਚੇਵਾਲ ਦੇ ਜੀਵਨ ਨੁੰ ਸਭ ਲਈ ਪ੍ਰੇਰਣਾ ਦਾ ਸਰੋਤ ਦੱਸਿਆ ਹੈ। ਉਨ੍ਹਾਂ ਅਰਦਾਸ ਕੀਤੀ ਕਿ ਸੰਤ ਸੀਚੇਵਾਲ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ।
ਇਸੇ ਤਰ੍ਹਾਂ ਅੱਜ ਸਵੇਰ ਤੋਂ ਸੰਤ ਸੀਚੇਵਾਲ ਦੇ ਜਨਮ ਦਿਨ ਦੀਆਂ ਦੇਸ਼ ਭਰ ਤੋਂ ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਵੱਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਾ ਸਿਲਸਿਲਾ ਜਾਰੀ ਰਿਹਾ। ਦੇਸ਼ ਦੀਆਂ ਕਈ ਹਸਤੀਆਂ ਨੇ ਸੰਤ ਸੀਚੇਵਾਲ ਵੱਲੋਂ ਲੋਕ ਭਲਾਈ ਤੇ ਵਾਤਾਵਰਣ ਲਈ ਕੀਤੇ ਜਾ ਰਹੇ ਕਾਰਜਾਂ ਲਈ ਸ਼ਲਾਘਾ ਕੀਤੀ। ਇਸੇ ਤਰ੍ਹਾਂ ਨਿਰਮਲਾ ਸੰਤ ਲੀਡਰ ਸਿੰਘ, ਸੰਤ ਬਲਰਾਜ ਸਿੰਘ, ਸੰਤ ਅਜੀਤ ਸਿੰਘ, ਸੰਤ ਅਮਰੀਕ ਸਿੰਘ, ਸੰਤ ਗੁਰਮੇਜ ਸਿੰਘ, ਕੈਨੇਡਾ ਤੋਂ ਅਜੈਬ ਸਿੰਘ ਚੱਠਾ, ਯੂਕੇ ਤੋਂ ਜਸਵਿੰਦਰ ਸਿੰਘ ਕਾਲਾ, ਹਰਜਿੰਦਰ ਸਿੰਘ ਹੇਅਰ, ਅਸਟ੍ਰੇਲੀਆ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸੁਮੀਤਪਾਲ, ਮਨੀਲਾ ਤੋਂ ਇੰਦਰਜੀਤ ਸਿੰਘ, ਮਨਜੀਤ ਸਿੰਘ ਤੇ ਹੋਰ ਵੀ ਕਈ ਸੰਤਾਂ-ਮਹਾਂਪੁਰਖਾਂ ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਸੰਤ ਸੀਚੇਵਾਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।