ਸ਼੍ਰੀ ਸੋਮਨਾਥ ਜੋਤਿਰਲਿੰਗ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ’ਤੇ
ਸ਼੍ਰੀ ਸੋਮਨਾਥ ਜੋਤਿਰਲੰਿਗ ਦੇ ਸਵਾਗਤ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਜਾਰੀ
Publish Date: Fri, 20 Feb 2026 07:04 PM (IST)
Updated Date: Fri, 20 Feb 2026 07:06 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਿ ਆਰਟ ਆਫ ਲਿਵਿੰਗ ਵੱਲੋਂ ਆਧਿਆਤਮਿਕ ਗੁਰੂ ਪਰਮ ਪੂਜਨੀਕ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਦੇ ਆਸ਼ੀਰਵਾਦ ਸਦਕਾ ਕੱਢੀ ਜਾ ਰਹੀ ਹਜ਼ਾਰਾਂ ਸਾਲ ਪੁਰਾਣੀ ਸ਼੍ਰੀ ਸੋਮਨਾਥ ਜੋਤਿਰਲਿੰਗ ਦੀ ਪਵਿੱਤਰ ਯਾਤਰਾ ਦਾ 1 ਮਾਰਚ ਨੂੰ ਫਗਵਾੜਾ ਪਹੁੰਚਣ ‘ਤੇ ਨਿੱਘਾ ਸਵਾਗਤ ਕਰਨ ਲਈ ਸੰਸਥਾ ਦੇ ਫਗਵਾੜਾ ਚੈਪਟਰ ਵੱਲੋਂ ਤਿਆਰੀਆਂ ਦਾ ਸਿਲਸਿਲਾ ਜ਼ੋਰ-ਸ਼ੋਰ ਨਾਲ ਜਾਰੀ ਹੈ। ਪ੍ਰਬੰਧਕਾਂ ਵੱਲੋਂ ਪਤਵੰਤਿਆਂ ਤੇ ਫਗਵਾੜਾ ਦੇ ਵਸਨੀਕਾਂ ਨੂੰ ਜੰਗੀ ਪੱਧਰ ‘ਤੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸੇ ਦੌਰਾਨ ਗੱਲਬਾਤ ਕਰਦੇ ਹੋਏ ਦਿ ਆਰਟ ਆਫ ਲਿਵਿੰਗ ਫਗਵਾੜਾ ਚੈਪਟਰ ਦੀ ਸੰਚਾਲਕ ਕਾਮਨਾ ਸਾਮਾ, ਜਿੰਮੀ ਸਾਮਾ ਤੇ ਅਰਚਨਾ ਸੁਖੀਜਾ ਨੇ ਦੱਸਿਆ ਕਿ ਪ੍ਰਾਚੀਨ ਜੋਤਿਰਲਿੰਗ ਯਾਤਰਾ ਐਤਵਾਰ, 1 ਮਾਰਚ ਨੂੰ ਫਗਵਾੜਾ ਵਿਚ ਪ੍ਰਵੇਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਦੇਸ਼ ਪੱਧਰੀ ਯਾਤਰਾ ਸਵਾਮੀ ਵਿਦਿਆਨੰਦ ਜੀ (ਬੈਂਗਲੁਰੂ) ਦੀ ਅਗਵਾਈ ਹੇਠ ਕੱਢੀ ਜਾ ਰਹੀ ਹੈ। ਯਾਤਰਾ ਦੇ ਆਗਮਨ ਮੌਕੇ ਜੀਟੀ ਰੋਡ ਸਥਿਤ ਐੱਨਵਾਈਆਰ ਪ੍ਰੈਸਟੀਜ ਕਲੱਬ, ਫਗਵਾੜਾ ਵਿਚ ਸਵਾਗਤ ਸਮਾਗਮ ਹੋਵੇਗਾ। ਪ੍ਰਬੰਧਕਾਂ ਅਨੁਸਾਰ ਐਤਵਾਰ, 1 ਮਾਰਚ ਨੂੰ ਸਵੇਰੇ 9:30 ਤੋਂ 11:30 ਵਜੇ ਤੱਕ ਪੂਰਨ ਵੈਦਿਕ ਵਿਧੀ ਨਾਲ ਪਵਿੱਤਰ ਸ਼ਿਵਲਿੰਗ ਦਾ ਰੁਦ੍ਰਾਭਿਸ਼ੇਕ ਕੀਤਾ ਜਾਵੇਗਾ। ਸ਼ਰਧਾਲੂਆਂ ਲਈ ਦਰਸ਼ਨ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਸ਼੍ਰੀ ਸੋਮਨਾਥ ਜੋਤਿਰਲਿੰਗ ਸਨਾਤਨ ਧਰਮ ਦਾ ਪਹਿਲਾ ਜੋਤਿਰਲਿੰਗ ਹੈ, ਜਿਸ ਦੀ ਮਹਿਮਾ ਵੇਦਾਂ ਅਤੇ ਪੁਰਾਣਾਂ ਵਿਚ ਵਰਣਿਤ ਹੈ ਤੇ ਜੋ ਅਖੰਡ ਸ਼ਿਵ ਭਗਤੀ ਦਾ ਪ੍ਰਤੀਕ ਹੈ। ਇਸ ਦਿਵਿਆ ਤੇ ਇਤਿਹਾਸਕ ਯਾਤਰਾ ਦੇ ਸਵਾਗਤ ਨੂੰ ਲੈ ਕੇ ਫਗਵਾੜਾ ਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।