ਸੰਤ ਸੀਚੇਵਾਲ ਦੀ ਅਗਵਾਈ ਹੇਠ ਵਿਸਾਖੀ ਮੇਲੇ ਦੀਆਂ ਤਿਆਰੀਆਂ ਜੋਰਾਂ ‘ਤੇ
ਸੰਤ ਸੀਚੇਵਾਲ ਦੀ ਅਗਵਾਈ ਹੇਠ ਵਿਸਾਖੀ ਮੇਲੇ ਦੀਆਂ ਤਿਆਰੀਆਂ ਜੋਰਾਂ ‘ਤੇ
Publish Date: Thu, 09 Apr 2026 09:39 PM (IST)
Updated Date: Thu, 09 Apr 2026 09:41 PM (IST)

ਪਵਿੱਤਰ ਕਾਲੀ ਵੇਈਂ ਤੇ ਬੁੱਢਾ ਦਰਿਆ ਕਿਨਾਰੇ ਧਾਰਮਿਕ ਸਮਾਗਮਾਂ ਦੀ ਰੌਣਕ ਰੋਜ਼ਾਨਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਸੇਵਾ ਮੁਹਿੰਮ ’ਚ ਹੋ ਰਹੀਆਂ ਹਨ ਸ਼ਾਮਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਕਾਲੀ ਵੇਈਂ ਤੇ ਬੁੱਢਾ ਦਰਿਆ ਦੇ ਕਿਨਾਰਿਆਂ ‘ਤੇ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਲਈ ਤਿਆਰੀਆਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਪਵਿੱਤਰ ਵੇਈਂ ਦੇ 6 ਪੱਤਣਾਂ ਤੇ ਬੁੱਢੇ ਦਰਿਆ ਦੇ 2 ਸਥਾਨਾਂ ‘ਤੇ ਵਿਸਾਖੀ ਦਾ ਮੇਲਾ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਮੁੱਖ ਸਮਾਗਮਾਂ ਲਈ ਗੁਰਦੁਆਰਾ ਗਾਉਘਾਟ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾ ਦਿੱਤੇ ਗਏ ਹਨ। ਇਸ ਦਿਨ ਸੰਗਤ ਘਾਟ ਵਿਖੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਥੇ ਦਿਨ ਵੇਲੇ ਕੀਰਤਨ ਦਰਬਾਰ ਹੋਵੇਗਾ ਤੇ ਸ਼ਾਮ ਸਮੇਂ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, 14 ਅਪ੍ਰੈਲ ਨੂੰ ਪਿੰਡ ਭੂਖੜੀ ਖੁਰਦ ਦੇ ਪੱਤਣ ‘ਤੇ ਵਿਸਾਖੀ ਮੇਲੇ ਦਾ ਦੂਜਾ ਵੱਡਾ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਦੀ ਹਾਜ਼ਰੀ ਦੀ ਉਮੀਦ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਸਾਖੀ ਦੇ ਮੱਦੇਨਜ਼ਰ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ‘ਤੇ ਸਫਾਈ ਤੇ ਸੁੰਦਰਤਾ ਲਈ ਕਾਰਸੇਵਾ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਸਵੇਰੇ ਸੰਗਤ ਨਾਲ ਮਿਲ ਕੇ ਸੇਵਾ ਕਰ ਰਹੇ ਹਨ ਤੇ ਵੇਈਂ ਦੇ ਲਗਭਗ 3 ਕਿਲੋਮੀਟਰ ਤੱਕ ਦੋਵਾਂ ਕਿਨਾਰਿਆਂ ਦੀ ਸਫਾਈ ਕੀਤੀ ਜਾ ਰਹੀ ਹੈ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਜੱਥਿਆਂ ਵਿੱਚ ਪਹੁੰਚ ਕੇ ਇਸ ਮੁਹਿੰਮ ਵਿੱਚ ਭਾਗ ਲੈ ਰਹੀਆਂ ਹਨ । ਉਨ੍ਹਾਂ ਹੋਰ ਦੱਸਿਆ ਕਿ ਹਰ ਸਾਲ ਇਸ ਮੌਸਮ ਦੌਰਾਨ ਦਰੱਖਤਾਂ ਦੇ ਪੱਤੇ ਤੇ ਪਾਣੀ ਵਿਚ ਉੱਗਣ ਵਾਲੀ ਬੂਟੀ ਵੇਈਂ ਦੇ ਵਹਾਅ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨੂੰ ਦੂਰ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਫਾਈ ਦੇ ਨਾਲ-ਨਾਲ ਰੰਗ-ਰੋਗਨ ਅਤੇ ਸੁੰਦਰਤਾ ਦੇ ਕੰਮ ਵੀ ਤੇਜ਼ੀ ਨਾਲ ਜਾਰੀ ਹਨ। ਸੰਤ ਸੀਚੇਵਾਲ ਨੇ ਇਲਾਕੇ ਦੀਆਂ ਸੰਗਤਾਂ ਤੇ ਪਿੰਡਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਾਂਝੀ ਕੋਸ਼ਿਸ਼ਾਂ ਧਾਰਮਿਕ ਤੇ ਵਾਤਾਵਰਣ ਸੰਭਾਲ ਦੀ ਬੇਹਤਰੀਨ ਉਦਾਹਰਨ ਹਨ।