ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ 173ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 173ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ
Publish Date: Tue, 07 Apr 2026 09:28 PM (IST)
Updated Date: Tue, 07 Apr 2026 09:32 PM (IST)

ਆਸ਼ੀਸ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਸ. ਅਜੀਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮਰਪਿਤ 173ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ। ਰਾਸ਼ਨ ਵੰਡਣ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਨਆਰਆਈ ਦਯਾ ਸਿੰਘ ਨੇ ਕਰਵਾਈ। ਉਨ੍ਹਾਂ ਨੇ 20 ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਦੀ ਵੰਡ ਕਰਦਿਆਂ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਸਾਇਟੀ ਨੂੰ ਸਮਾਜ ਭਲਾਈ ਕਾਰਜਾਂ ਲਈ ਆਰਥਕ ਸਹਾਇਤਾ ਭੇਟ ਕੀਤੀ ਤੇ ਭਵਿੱਖ ਵਿਚ ਹੋਰ ਸਹਾਇਤਾ ਦਾ ਭਰੋਸਾ ਵੀ ਦਿੱਤਾ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਰੀਬ 16 ਸਾਲਾਂ ਤੋਂ ਨਿਰੰਤਰ ਜਾਰੀ ਹੈ, ਜਿਸ ਵਿਚ ਸਵ. ਅਜੀਤ ਸਿੰਘ ਢਿੱਲੋਂ ਦੇ ਪਰਿਵਾਰ ਦਾ ਵੱਡਮੁੱਲਾ ਯੋਗਦਾਨ ਮਿਲਦਾ ਹੈ। ਜੋ ਆਪਣੇ ਜੀਵਨ ਕਾਲ ਦੌਰਾਨ ਸਮਾਜ ਸੇਵਾ ਨੂੰ ਸਮਰਪਿਤ ਰਹੇ ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਵਧ ਕੇ ਕੰਮ ਕੀਤਾ। ਪ੍ਰੇਮ ਨਗਰ ਮੁਹੱਲੇ ਦੇ ਵਿਕਾਸ ਵਿਚ ਵੀ ਉਨ੍ਹਾਂ ਨੇ ਹਮੇਸ਼ਾ ਵੱਧ-ਚੜ੍ਹ ਕੇ ਯਤਨ ਕੀਤੇ। ਇਸ ਮੌਕੇ ਐੱਸਸੀ ਚਾਵਲਾ, ਮੋਹਨ ਲਾਲ ਤਨੇਜਾ, ਰਮੇਸ਼ ਬਹਿਲ, ਰਵੀਕਾਂਤ ਸਹਿਗਲ, ਰਾਮ ਲੁਭਾਇਆ, ਬ੍ਰਿਜ ਮੋਹਨ ਪੁਰੀ, ਵੰਦਨਾ ਸ਼ਰਮਾ, ਜਗਦੀਪਕ, ਬਲਦੇਵ ਸ਼ਰਮਾ, ਸੁਰਿੰਦਰ ਪਾਲ ਆਦਿ ਹਾਜ਼ਰ ਸਨ।