ਕਹਾਣੀਕਾਰਾਂ ਨੇ ‘ਹੱਡ ਬੀਤੀਆਂ ਜੱਗ ਬੀਤੀਆਂ’ ’ਚ ਕਰਵਾਈ ਬੱਲੇ-ਬੱਲੇ
ਮਾਂ ਬੋਲੀ ਪੰਜਾਬੀ ਦਾ ਗੁਣਗਾਨ ਕਰਦਿਆਂ ਕੌਮਾਂਤਰੀ ਕਹਾਣੀਕਾਰਾਂ ਨੇ “ਹੱਡ ਬੀਤੀਆਂ ਜੱਗ ਬੀਤੀਆਂ” ਵਿੱਚ ਬੱਲੇ-ਬੱਲੇ ਕਰਵਾਈ
Publish Date: Wed, 28 Jan 2026 08:26 PM (IST)
Updated Date: Thu, 29 Jan 2026 04:14 AM (IST)

ਲਾਈਵ ਕਹਾਣੀ ਦਰਬਾਰ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਸ਼ਾਮਲ ਹੋਏ ਕਹਾਣੀਕਾਰ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਮਿਤੀ 25 ਜਨਵਰੀ 2026, ਦਿਨ ਐਤਵਾਰ ਨੂੰ “ਹੱਡ ਬੀਤੀਆਂ ਜੱਗ ਬੀਤੀਆਂ” ਸਿਰਲੇਖ ਹੇਠ ਲਾਈਵ ਕਹਾਣੀ ਦਰਬਾਰ ਕਰਵਾਇਆ ਗਿਆ। ਇਸ ਆਨਲਾਈਨ ਪ੍ਰੋਗਰਾਮ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਕਈ ਪ੍ਰਸਿੱਧ ਕਹਾਣੀਕਾਰਾਂ ਨੇ ਸ਼ਮੂਲੀਅਤ ਕਰਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ। ਕਹਾਣੀ ਦਰਬਾਰ ਦੌਰਾਨ ਹਰ ਕਹਾਣੀਕਾਰ ਨੇ ਆਪਣੀ ਹੱਥ-ਲਿਖਤ ਕਹਾਣੀ ਰਾਹੀਂ ਸਮਾਜਿਕ, ਸਾਂਸਕ੍ਰਿਤਿਕ ਅਤੇ ਮਨੁੱਖੀ ਸਰੋਕਾਰਾਂ ਨੂੰ ਛੂਹਿਆ। ਔਰਤਾਂ ਨਾਲ ਹੁੰਦਾ ਧੱਕਾ, ਰੁਹਾਨੀਅਤ ਵਿੱਚ ਦਿਖਾਵੇ ਦੀ ਬੇਮਾਨੀ, ਪਰਦੇਸੀ ਮਾਪਿਆਂ ਅਤੇ ਵਿਦੇਸ਼ੀ ਜੰਮਪਲ ਬੱਚਿਆਂ ਵਿਚਕਾਰ ਬਣਦਾ ਫਾਸਲਾ, ਮਾਂ ਬੋਲੀ ਪੰਜਾਬੀ ਦੇ ਪਿੱਛੇ ਰਹਿ ਜਾਣ ਦਾ ਦਰਦ, ਮੀਡੀਆ ਦੁਆਰਾ ਸ਼ੋਸ਼ਣ, ਨੈੱਟ ਤੋਂ ਪਹਿਲਾਂ ਦੇ ਸਮਾਜਿਕ ਹਾਲਾਤ, ਜੁਆਨ ਕੁੜੀਆਂ ਦੇ ਗ਼ਲਤ ਕਦਮਾਂ ਨਾਲ ਟੁੱਟਦੇ ਰਿਸ਼ਤੇ ਅਤੇ ਰਿਸ਼ਤਿਆਂ ਵਿੱਚ ਸਵਾਰਥ ਤੇ ਅਸਲ ਪਿਆਰ ਵਰਗੇ ਵਿਸ਼ੇ ਖਾਸ ਚਰਚਾ ਦਾ ਕੇਂਦਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਵਾਹਿਗੁਰੂ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਵਲੋ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ (ਜਰਮਨੀ) ਨੂੰ ਸੌਂਪੀ ਗਈ। ਸੰਚਾਲਕ ਸਰਬਜੀਤ ਸਿੰਘ ਨੇ ਹਾਜ਼ਰ ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਪਹਿਲਾ ਸੱਦਾ ਪ੍ਰਿੰਸੀਪਲ ਹਰਸ਼ਰਨ ਕੌਰ (ਕੈਨੇਡਾ) ਨੂੰ ਦਿੱਤਾ, ਜਿਨ੍ਹਾਂ ਨੇ ਆਪਣੀ ਕਹਾਣੀ “ਗੌਰੀ” ਰਾਹੀਂ ਇੱਕ ਮਿਹਨਤੀ ਪਰਵਾਸੀ ਕੁੜੀ ਦੇ ਅਧੂਰੇ ਸੁਪਨਿਆਂ ਦਾ ਦਰਦ ਬਖੂਬੀ ਪੇਸ਼ ਕੀਤਾ। ਦੂਜੇ ਸੱਦੇ ‘ਤੇ ਮਨਪ੍ਰੀਤ ਕੌਰ ਸੰਧੂ (ਮੁੰਬਈ) ਨੇ “ਭੁੱਬਲ ਬਣ ਜਾਉ ਲੋਕੋ” ਕਹਾਣੀ ਵਿੱਚ ਗਰੀਬ ਤੇ ਅਮੀਰ ਦੇ ਫ਼ਰਕ ਅਤੇ ਵਿਖਾਵੇ ਵਾਲੀ ਲੋਹੜੀ ਉੱਤੇ ਤਿੱਖੀ ਟਿੱਪਣੀ ਕੀਤੀ। ਤੀਜੇ ਸੱਦੇ ‘ਤੇ ਸਰਦੂਲ ਸਿੰਘ ਭੱਲਾ (ਪਟਿਆਲਾ) ਨੇ “ਬਾਪੂ ਮੈਨੂੰ ਕਿਧਰੇ ਵੇਚ ਤਾਂ ਨਹੀਂ ਦਿੱਤਾ” ਰਾਹੀਂ ਨੂੰਹ ਨਾਲ ਸਹੁਰੇ ਘਰ ਹੋਣ ਵਾਲੇ ਮਾੜੇ ਵਿਵਹਾਰ ਨੂੰ ਜੀਵੰਤ ਢੰਗ ਨਾਲ ਦਰਸਾਇਆ। ਚੌਥੇ ਸੱਦੇ ‘ਤੇ ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ ਨੇ “ਮੈਂ ਕਿਤਾਬ ਬੋਲਦੀ ਹਾਂ” ਕਹਾਣੀ ਰਾਹੀਂ ਮਾਂ ਬੋਲੀ ਪੰਜਾਬੀ ਨਾਲ ਪਿਆਰ ਅਤੇ ਇੱਕ ਅਧਿਆਪਕ ਦੀ ਪ੍ਰੇਰਣਾ ਨਾਲ ਵਿਦਿਆਰਥਣ ਦੇ ਪ੍ਰੋਫੈਸਰ ਬਣਨ ਤੱਕ ਦੇ ਸਫ਼ਰ ਦੀ ਮਿਸਾਲ ਪੇਸ਼ ਕੀਤੀ। ਇਸ ਤੋਂ ਬਾਅਦ ਆਸ਼ਾ ਸ਼ਰਮਾ (ਪੰਜਾਬ) ਨੇ “ਉਹ ਔਰਤ ਕੌਣ ਸੀ” ਕਹਾਣੀ ਰਾਹੀਂ ਰੁਹਾਨੀਅਤ ਦੇ ਅਸਲ ਤੇ ਨਕਲੀ ਰੂਪਾਂ ਵਿਚਕਾਰ ਫ਼ਰਕ ਸਪਸ਼ਟ ਕੀਤਾ। ਅਮਰੀਕਾ ਤੋਂ ਪੋਲੀ ਬਰਾੜ ਨੇ “ਜਦੋਂ ਫ਼ੋਨ ਨਹੀਂ ਸੀ ਹੁੰਦੇ” ਕਹਾਣੀ ਰਾਹੀਂ ਹਿੰਮਤ ਅਤੇ ਹੌਂਸਲੇ ਦੀ ਮਿਸਾਲ ਪੇਸ਼ ਕੀਤੀ। ਮਨਜੀਤ ਕੌਰ ਧੀਮਾਨ ਲੁਧਿਆਣਾ ਨੇ “ਕੁੱਤਿਆਂ ਵਾਲੀ ਆਂਟੀ” ਰਾਹੀਂ ਸਮਾਜਿਕ ਲੁੱਟ ਦੀ ਤਸਵੀਰ ਪੇਸ਼ ਕੀਤੀ ਗਈ। ਕਰਮਜੀਤ ਕੌਰ ਰਾਣਾ ਇਟਲੀ ਨੇ “ਰਿਸ਼ਤੇ ਲੋੜ ਨਾਲ ਨਹੀਂ, ਮੋਹ ਨਾਲ ਜਿਉਂਦੇ ਹਨ” ਕਹਾਣੀ ਰਾਹੀਂ ਰਿਸ਼ਤਿਆਂ ਦੀ ਅਸਲ ਕਦਰ ਬਿਆਨ ਕੀਤੀ ਗਈ। ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ “ਅਸੀਂ ਕਿੱਥੇ ਜਾਈਏ” ਕਹਾਣੀ ਰਾਹੀਂ ਪਰਦੇਸੀ ਮਾਪਿਆਂ ਅਤੇ ਬੱਚਿਆਂ ਵਿਚਕਾਰ ਬਣ ਰਹੇ ਤਣਾਅ ‘ਤੇ ਗੰਭੀਰ ਚਿੰਤਾ ਜਤਾਈ। ਅੰਤ ਵਿੱਚ ਸੰਚਾਲਕ ਸਰਬਜੀਤ ਸਿੰਘ ਨੇ ਆਪਣੀ ਕਹਾਣੀ “ਵਤਨੋਂ” ਸੁਣਾ ਕੇ ਨੌਜਵਾਨ ਪੀੜ੍ਹੀ ਨੂੰ ਸੰਭਲ ਕੇ ਚੱਲਣ ਅਤੇ ਮਾਪਿਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਸਮਾਪਨ ‘ਤੇ ਪ੍ਰਸਿੱਧ ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਨੇ ਸਾਰੇ ਕਹਾਣੀਕਾਰਾਂ ਦਾ ਧੰਨਵਾਦ ਕਰਦਿਆਂ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੀ ਟੀਮ ਨੂੰ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਲਈ ਵਧਾਈ ਦਿੱਤੀ ਗਈ।