ਪੀਪੀ-102 ਆਲੂ ਦੀ ਕਿਸਮ ਨੂੰ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ
ਪੀ.ਪੀ. 102 ਆਲੂ ਕਿਸਮ ਨੂੰ ਕਿਸਾਨਾਂ ਵੱਲੋਂ ਵੱਡਾ ਹੁੰਗਾਰਾ
Publish Date: Tue, 03 Feb 2026 07:20 PM (IST)
Updated Date: Tue, 03 Feb 2026 07:23 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਆਲੂ ਪੰਜਾਬ ਦੀ ਇਕ ਅਹਿਮ ਫਸਲ ਹੈ ਅਤੇ ਕਪੂਰਥਲਾ ਤੇ ਜਲੰਧਰ ਜ਼ਿਲ੍ਹੇ ਆਲੂ ਦੇ ਬੀਜ ਉਤਪਾਦਨ ਲਈ ਬਹੁਤ ਹੀ ਢੁੱਕਵੇਂ ਮੰਨੇ ਜਾਂਦੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਤਿਆਰ ਕੀਤਾ ਗਿਆ ਬੀਜ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਭੇਜਿਆ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ 2023 ਵਿਚ ਜਾਰੀ ਕੀਤੀ ਗਈ ਵਧੇਰੇ ਝਾੜ ਦੇਣ ਵਾਲੀ ਆਲੂ ਦੀ ਕਿਸਮ ਪੀਪੀ-102 (ਪੰਜਾਬ ਪਟੈਟੋ-102) ਕਿਸਾਨਾਂ ਵਿਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ। ਇਸ ਕਿਸਮ ਦੇ ਆਲੂ ਟਿਊਬਰ ਅੰਡਾਕਾਰ ਤੋਂ ਗੋਲ ਆਕਾਰ ਦੇ, ਹਲਕੇ ਪੂਰੇ ਤੇ ਕਰੀਮੀ ਪੀਲੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤ ਝਾੜ ਲਗਪਗ 184 ਕੁਇੰਟਲ ਪ੍ਰਤੀ ਏਕੜ ਦਰਜ ਕੀਤਾ ਗਿਆ ਹੈ। ਉਕਤ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪਸਾਰ ਅਧਾਰ ਹੈ ਵੱਲੋਂ ਸਾਲ 2024-25 ਦੌਰਾਨ ਕਪੂਰਥਲਾ ਤੇ ਸੁਲਤਾਨਪੁਰ ਬਲਾਕਾਂ ਵਿਚ ਕਿਸਾਨਾਂ ਦੇ ਖੇਤਾਂ ਵਿਚ ਪੀਪੀ-102 ਦੀਆਂ ਲਗਪਗ 40 ਤੋਂ 50 ਪ੍ਰਦਰਸ਼ਨੀਆਂ ਲਗਵਾਈਆਂ ਗਈਆਂ ਹਨ। ਇਸ ਸਬੰਧੀ ਕਿਸਾਨ ਗੋਸ਼ਟੀਆਂ ਤੇ ਕਿਸਾਨ ਖੇਤ ਦਿਵਸ ਵੀ ਆਯੋਜਿਤ ਕੀਤੇ ਗਏ। ਫਸਲ ਦੀਆਂ ਪ੍ਰਦਰਸ਼ਨੀਆਂ ਦੌਰਾਨ ਕਿਸਾਨਾਂ ਵੱਲੋਂ ਇਸ ਕਿਸਮ ਨੂੰ ਬਹੁਤ ਹੀ ਚੰਗਾ ਹੁੰਗਾਰਾ ਮਿਲਿਆ ਹੈ ਤੇ ਇਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਅਗਾਂਹ ਵਧੂ ਕਿਸਾਨ ਇੱਛਾ ਸਿੰਘ (ਪਿੰਡ ਬਰਿੰਦਪੁਰ), ਮਲਕੀਤ ਸਿੰਘ (ਪਿੰਡ ਸ਼ੇਖੂਪੁਰ) ਤੇ ਜਰਨੈਲ ਸਿੰਘ (ਪਿੰਡ ਕਮਾਲਪੁਰ) ਨੇ ਇਸ ਫਸਲ ਨਾਲ ਪੂਰੀ ਤਰ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ ਹੈ। ਇਨ੍ਹਾਂ ਕਿਸਾਨਾਂ ਨੇ ਇਸ ਆਲੂ ਦੀ ਕਿਸਮ ਤੋਂ ਪ੍ਰਤੀ ਏਕੜ 200 ਕੁਇੰਟਲ ਤੱਕ ਦਾ ਉੱਚ ਝਾੜ ਪ੍ਰਾਪਤ ਕੀਤਾ ਹੈ। ਪੀਪੀ-102 ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਚ ਵੀ ਤਿਆਰ ਕੀਤਾ ਜਾਂਦਾ ਹੈ ਤੇ ਸਾਲ 2024-25 ਦੌਰਾਨ ਲਗਪਗ 150 ਕੁਇੰਟਲ ਬੀਜ ਕਿਸਾਨਾਂ ਨੂੰ ਵਿਕਰੀ ਕੀਤਾ ਗਿਆ। ਕਿਸਾਨਾਂ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ, ਇਸ ਸਾਲ ਵੀ ਪੀਪੀ-102 ਦਾ ਬੀਜ ਦੁਬਾਰਾ ਤਿਆਰ ਕੀਤਾ ਗਿਆ ਹੈ। ਚਾਹਵਾਨ ਕਿਸਾਨ ਆਪਣੇ ਬੀਜ ਦੀ ਬੁਕਿੰਗ ਨਿਰਧਾਰਤ ਨੰਬਰ ’ਤੇ ਕਰਵਾ ਸਕਦੇ ਹਨ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਆ ਕੇ ਫਸਲ ਦੇਖ ਕੇ ਬੁਕਿੰਗ ਕਰਵਾ ਸਕਦੇ ਹਨ।