ਬਾਰਿਸ਼ ਕਾਰਨ 35 ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ
ਹਨ੍ਹੇਰੀ ਕਾਰਨ 35 ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ
Publish Date: Fri, 23 Jan 2026 08:36 PM (IST)
Updated Date: Fri, 23 Jan 2026 08:39 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸਬ ਡਵੀਜ਼ਨ ਖੈੜਾ ਦੋਨਾ (ਜ਼ਿਲ੍ਹਾ ਕਪੂਰਥਲਾ) ਦੇ ਫੀਡਰ ਤੋਂ ਤਕਰੀਬਨ 35 ਪਿੰਡਾਂ ਨੂੰ ਆਉਣ ਵਾਲੀ ਬਿਜਲੀ ਸਪਲਾਈ ਬੀਤੀ ਰਾਤ ਭਾਰੀ ਮੀਂਹ, ਝੱਖੜ੍ਹ ਤੇ ਹਨੇਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਬਿਜਲੀ ਸਪਲਾਈ ਰਾਤ ਤੋਂ ਹੀ ਬੰਦ ਹੋ ਗਈ ਸੀ, ਜੋ ਦੁਪਹਿਰ ਵੇਲੇ ਮੁੜ ਚਾਲੂ ਕੀਤੀ ਗਈ, ਪ੍ਰੰਤੂ ਪਿੰਡ ਡਡਵਿੰਡੀ ਵਿਚ ਬਿਜਲੀ ਸਪਲਾਈ ਸਾਰਾ ਦਿਨ ਲੁਕਣ ਮੀਟੀ ਖੇਡਦੀ ਰਹੀ। ਇੱਥੇ ਅੱਧੇ ਘੰਟੇ ਬਾਅਦ ਕਦੇ ਬਿਜਲੀ ਆਉਂਦੀ ਤੇ ਕਦੇ ਜਾਂਦੀ ਰਹੀ, ਜਿਸ ਕਾਰਨ ਲੋਕ ਸਾਰਾ ਦਿਨ ਭੰਬਲਭੂਸੇ ਵਿਚ ਰਹੇ। ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਸਵੇਰ ਤੋਂ ਬੰਦ ਪਈਆਂ ਪਾਣੀ ਦੀਆਂ ਮੋਟਰਾਂ ਤੇ ਹੋਰ ਜ਼ਰੂਰੀ ਘਰੇਲੂ ਬਿਜਲੀ ਉਪਕਰਨ ਚਾਲੂ ਕਰਨ ਜਾਂ ਬੰਦ ਹੀ ਰੱਖਣ। ਇਸ ਸਬੰਧੀ ਜਦੋਂ ਸ਼ਾਮ ਵੇਲੇ ਪਿੰਡ ਡਡਵਿੰਡੀ ਦੇ ਲਾਈਨਮੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵਿਚ ਆ ਰਹੀ ਰੁਕਾਵਟ ਕਿਸੇ ਟੈਕਨੀਕਲ ਪ੍ਰਾਬਲਮ ਕਾਰਨ ਹੋ ਸਕਦੀ ਹੈ, ਜਿਸ ਨੂੰ ਜਲਦੀ ਹੀ ਦਰੁਸਤ ਕਰ ਦਿੱਤਾ ਜਾਵੇਗਾ।