ਪਾਵਰ ਸੈਕਟਰ ਦੇ ਇੰਜੀਨੀਅਰਾਂ ਤੇ ਪੈਨਸ਼ਨਰਾਂ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਕਰਮਚਾਰੀ ਇੰਜੀਨੀਅਰ ਅਤੇ ਪੈਨਸ਼ਨਰ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
Publish Date: Fri, 06 Mar 2026 09:16 PM (IST)
Updated Date: Fri, 06 Mar 2026 09:18 PM (IST)

ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ/ਬਿਜਲੀ ਨਿਗਮ ਮੈਨੇਜਮੈਂਟ ਵੱਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦੇ ਮੁੱਦੇ ਉੱਤੇ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਕਰਮਚਾਰੀ ਇੰਜੀਨੀਅਰ ਤੇ ਪੈਨਸ਼ਨਰ ਪੰਜਾਬ ਵੱਲੋਂ ਮਿਲੇ ਸੰਘਰਸ਼ ਪ੍ਰੋਗਰਾਮਾਂ ਤਹਿਤ ਅੱਜ ਜੁਆਇੰਟ ਐਕਸ਼ਨ ਕਮੇਟੀ ਪਾਵਰਕਾਮ ਸੈਕਟਰ ਦੀ ਕਪੂਰਥਲਾ ਇਕਾਈ ਵੱਲੋਂ ਔਜਲਾ ਫਾਟਕ ਨੇੜੇ ਮੁੱਖ ਦਫ਼ਤਰ ਬਿਜਲੀ ਬੋਰਡ ਸਾਹਮਣੇ ਪੰਜਾਬ ਸਰਕਾਰ ਖਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਕੌਂਸਲ ਆਫ ਜੂਨੀਅਰ ਇੰਜੀਨੀਅਰ ਉੱਤਰੀ ਜ਼ੋਨ ਜਲੰਧਰ ਦੇ ਪ੍ਰਧਾਨ ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਪੰਜਾਬ ਸਰਕਾਰ ਦੀਆਂ ਗਲਤ ਤਾਨਾਸ਼ਾਹੀ ਨੀਤੀਆਂ ਕਾਰਨ ਬਿਜਲੀ ਬੋਰਡ ਪਿਛਲੇ ਲੰਬੇ ਸਮੇਂ ਤੋਂ ਆਰਥਿਕ ਪੱਖੋਂ ਘਾਟੇ ਵਿਚ ਚੱਲ ਰਿਹਾ ਹੈ। ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਤੇ ਬਿਜਲੀ ਬੋਰਡ ਨੂੰ ਆਰਥਿਕ ਘਾਟੇ ਵਿਚੋਂ ਕੱਢਣ ਦੇ ਨਾਂ ਉੱਤੇ ਪੰਜਾਬ ਸਰਕਾਰ/ਬਿਜਲੀ ਨਿਗਮ ਮੈਨੇਜਮੈਂਟ ਵੱਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦਾ ਜੋ ਪ੍ਰੋਗਰਾਮ ਬਣਾਇਆ ਗਿਆ ਹੈ, ਦਾ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਕਰਮਚਾਰੀ ਇੰਜੀਨੀਅਰ ਤੇ ਪੈਨਸ਼ਨਰ ਪੰਜਾਬ ਡੱਟ ਕੇ ਵਿਰੋਧ ਕਰੇਗੀ ਤੇ ਕਿਸੇ ਵੀ ਕੀਮਤ ਉੱਤੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਪਾਵਰਕਾਮ ਕਾਰਪੋਰੇਸ਼ਨ ਵਿਚ ਪਿਛਲੇ ਕਈ ਸਾਲਾਂ ਤੋਂ ਹਰ ਤਰ੍ਹਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਵੱਡੀ ਘਾਟ ਮਹਿਸੂਸ ਕੀਤੀ ਗਈ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਮੈਨੇਜਮੈਂਟ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਇੰਜ. ਗੁਰਨਾਮ ਸਿੰਘ ਬਾਜਵਾ ਨੇ ਆਖਿਆ ਕਿ 15 ਮੁਲਾਜ਼ਮਾ ਦੀ ਥਾਂ ਇਕ ਮੁਲਾਜ਼ਮ ਕੰਮ ਕਰ ਰਿਹਾ ਹੈ। ਇੰਜ. ਪਲਵਿੰਦਰ ਸਿੰਘ ਪ੍ਰਧਾਨ ਸਰਕਲ ਕਪੂਰਥਲਾ, ਇੰਜ. ਅਮਨਦੀਪ ਸਿੰਘ ਜਨਰਲ ਸਕੱਤਰ ਸ਼ਹਿਰੀ ਮੰਡਲ ਕਪੂਰਥਲਾ, ਇੰਜ. ਕੁਲਤਾਰ ਸਿੰਘ ਸਰਕਲ ਕਰਤਾਰਪੁਰ, ਇੰਜ. ਬਲਬੀਰ ਸਿੰਘ ਧਾਰੋਵਾਲੀ ਸਰਕਲ ਕਰਤਾਰਪੁਰ, ਇੰਜ. ਸ਼ਿੰਦਰ ਸਿੰਘ ਨੂਰਮਹਿਲ, ਇੰਜ. ਸੁਨੀਲ ਹੰਸ ਸਕੱਤਰ ਸਰਕਲ ਕਪੂਰਥਲਾ, ਇੰਜ. ਬਲਵਿੰਦਰ ਸਿੰਘ ਨਕੋਦਰ, ਇੰਜ. ਮਦਨ ਲਾਲ ਕਰਤਾਰਪੁਰ, ਇੰਜ. ਸਰਬਜੀਤ ਸਿੰਘ ਟਿੱਬਾ ਆਦਿ ਬੁਲਾਰਿਆਂ ਨੇ ਰੋਸ ਧਰਨੇ ਦੌਰਾਨ ਸਾਂਝੇ ਤੌਰ ਉੱਤੇ ਆਖਿਆ ਕਿ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਕਰਮਚਾਰੀ ਇੰਜੀਨੀਅਰ ਤੇ ਪੈਨਸ਼ਨਰ ਪੰਜਾਬ ਸਰਕਾਰ ਦੀ ਹਰ ਮੁਲਾਜ਼ਮ ਮਾਰੂ ਨੀਤੀ ਦਾ ਜ਼ੋਰਦਾਰ ਵਿਰੋਧ ਕਰੇਗੀ ਤੇ ਪੰਜਾਬ ਸਰਕਾਰ/ਬਿਜਲੀ ਨਿਗਮ ਮੈਨੇਜਮੈਂਟ ਨੂੰ ਕਿਸੇ ਵੀ ਕੀਮਤ ਉੱਤੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਨਹੀਂ ਦੇਵੇਗੀ। ਬੁਲਾਰਿਆਂ ਨੇ ਆਖਿਆ ਕਿ ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਐਕਸ਼ਨ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਸੰਘਰਸ਼ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ ਜਾਵੇਗਾ।