ਯੋਜਨਾ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਠੰਢ ’ਚ ਤਰਪਾਲਾਂ ਹੇਠ ਰਹਿਣ ਨੂੰ ਮਜਬੂਰ
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਗਰੀਬ ਪਰਿਵਾਰ ਠੰਡ ਵਿੱਚ ਤਰਪਾਲਾਂ ਹੇਠ ਰਹਿਣ ਨੂੰ ਮਜਬੂਰ
Publish Date: Wed, 04 Feb 2026 08:12 PM (IST)
Updated Date: Thu, 05 Feb 2026 04:11 AM (IST)

ਕੈਪਸ਼ਨ : 4ਕੇਪੀਟੀ15,16 ਪਿੰਡ ਡਡਵਿੰਡੀ ਵਿੱਚ ਬਿਨਾਂ ਛੱਤਾਂ ਵਾਲੇ ਅਧੂਰੇ ਮਕਾਨਾਂ ਦੀ ਤਸਵੀਰ । ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪੰਜਾਬ ’ਚ ਗ਼ਰੀਬ ਪਰਿਵਾਰਾਂ ਦੇ ਕੱਚੇ ਮਕਾਨਾਂ ਦੀਆਂ ਛੱਤਾਂ ਪੱਕੀਆਂ ਕਰਨ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਪਰ ਹਲਕਾ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਵਿੱਚ ਬਕਾਇਆ ਰਾਸ਼ੀ ਸਮੇਂ ਸਿਰ ਨਾ ਮਿਲਣ ਕਾਰਨ ਅਜੇ ਵੀ ਕਈ ਗਰੀਬ ਪਰਿਵਾਰਾਂ ਦੇ ਘਰ ਅਧੂਰੇ ਪਏ ਹਨ। ਛੱਤਾਂ (ਲੈਂਟਰ) ਨਾ ਹੋਣ ਕਰਕੇ ਇਹ ਪਰਿਵਾਰ ਭਿਆਨਕ ਸਰਦੀ ਵਿੱਚ ਤਰਪਾਲਾਂ ਹੇਠ ਰਹਿਣ ਲਈ ਮਜਬੂਰ ਹਨ । ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸਰਪੰਚਾਂ ਅਤੇ ਬੀਡੀਪੀਓ ਦਫ਼ਤਰਾਂ ਦੇ ਚੱਕਰ ਲਗਾ-ਲਗਾ ਕੇ ਥੱਕ ਚੁੱਕੇ ਹਨ। ਉਹਨਾਂ ਮੁਤਾਬਕ ਕਿਸ਼ਤਾਂ ਦੇਰੀ ਨਾਲ ਆਉਣ ਕਾਰਨ ਘਰਾਂ ਦਾ ਕੰਮ ਅਟਕਿਆ ਪਿਆ ਹੈ ਅਤੇ ਸਰਦੀ ਦੇ ਮੌਸਮ ਵਿੱਚ ਬਿਨਾਂ ਛੱਤਾਂ ਦੇ ਰਹਿਣਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਅਤੇ ਬਾਲਿਆਂ ਵਾਲੀਆਂ ਛੱਤਾਂ ਨੂੰ ਪੱਕੀਆਂ ਛੱਤਾਂ ਵਿੱਚ ਤਬਦੀਲ ਕਰਨ ਲਈ ਸਰਕਾਰ ਵੱਲੋਂ ਮਾਲੀ ਮਦਦ ਦਿੱਤੀ ਜਾਂਦੀ ਹੈ। ਪਰ ਬਕਾਇਆ ਰਕਮ ਜਾਰੀ ਨਾ ਹੋਣ ਕਾਰਨ ਕਈ ਪਰਿਵਾਰ ਮੀਂਹ, ਠੰਡ ਅਤੇ ਧੁੰਦ ਦੇ ਮੌਸਮ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਈ ਘਰਾਂ ਦੀਆਂ ਛੱਤਾਂ ਅਧੂਰੀਆਂ ਹਨ ਜਾਂ ਬਿਲਕੁਲ ਹੀ ਨਹੀਂ ਬਣੀਆਂ, ਜਿਸ ਨਾਲ ਪਰਿਵਾਰਾਂ ਦੀ ਜ਼ਿੰਦਗੀ ਨਰਕ ਭਰੀ ਬਣੀ ਹੋਈ ਹੈ । ਉੱਚ ਅਧਿਕਾਰੀਆਂ ਤੋਂ ਡਰਦਿਆਂ ਅਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪ੍ਰਭਾਵਿਤ ਪਰਿਵਾਰਾਂ ਨੇ ਦੱਸਿਆ ਕਿ ਉਹ ਬਾਰ-ਬਾਰ ਸਰਪੰਚਾਂ ਅਤੇ ਬੀਡੀਪੀਓ ਸੁਲਤਾਨਪੁਰ ਲੋਧੀ ਦੇ ਦਫ਼ਤਰਾਂ ਦੇ ਗੇੜੇ ਮਾਰ ਰਹੇ ਹਨ, ਪਰ ਹਾਲੇ ਤੱਕ ਬਕਾਇਆ ਰਕਮ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੀ। ਸਰਕਾਰੀ ਮਨਜ਼ੂਰੀ ਹੋਣ ਦੇ ਬਾਵਜੂਦ ਕਿਸ਼ਤਾਂ ਦੇਰੀ ਨਾਲ ਆ ਰਹੀਆਂ ਹਨ, ਜਿਸ ਕਾਰਨ ਘਰਾਂ ਦਾ ਨਿਰਮਾਣ ਦਾ ਕੰਮ ਰੁਕਿਆ ਹੋਇਆ ਹੈ। ਇਸ ਸਬੰਧੀ ਗੁਰਮੀਤ ਸਿੰਘ, ਬੀਡੀਓ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਸਾਲ 2024-25 ਤੱਕ ਸੁਲਤਾਨਪੁਰ ਲੋਧੀ ਅਧੀਨ ਆਉਣ ਵਾਲੀਆਂ ਕੁੱਲ 147 ਪੰਚਾਇਤਾਂ ਹਨ। 31 ਮਾਰਚ 2026 ਤੱਕ ਫੱਤੂਢੀਂਗਾਂ ਵਿਖੇ ਨਵਾਂ ਬਲਾਕ ਬਣਨ ਕਾਰਨ ਕੁਝ ਪੰਚਾਇਤਾਂ ਉਥੇ ਸ਼ਾਮਲ ਹੋ ਜਾਣਗੀਆਂ। ਉਹਨਾਂ ਦੱਸਿਆ ਕਿ ਦਸੰਬਰ 2024-25 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 522 ਘਰਾਂ ਨੂੰ ਲਾਭ ਮਿਲ ਚੁੱਕਾ ਹੈ, ਜਦਕਿ ਹੜ੍ਹਾਂ ਅਤੇ ਮੀਂਹ ਕਾਰਨ ਨੁਕਸਾਨੇ ਗਏ 178 ਘਰ ਹਨ। ਇਸ ਤੋਂ ਇਲਾਵਾ 112 ਘਰ ਅਜੇ ਤੀਜੀ ਕਿਸ਼ਤ ਦੀ ਉਡੀਕ ਵਿੱਚ ਹਨ ਤੇ 526 ਘਰ ਅੰਡਰ ਪ੍ਰੋਸੈਸਿੰਗ ਹਨ। ਉਨ੍ਹਾਂ ਦੱਸਿਆ ਕਿ ਪਿੰਡ ਡਡਵਿੰਡੀ ’ਚ ਸੱਤਿਆ, ਵਿੱਦਿਆ ਤੇ ਪਰਮਜੀਤ ਕੌਰ ਆਦਿ ਦੇ ਖਾਤਿਆਂ ਵਿੱਚ ਛੱਤਾਂ ਲਈ ਬਣਦੀ ਕਿਸ਼ਤ ਟਰਾਂਸਫਰ ਕਰ ਦਿੱਤੀ ਗਈ ਹੈ, ਜੋ ਜਲਦੀ ਉਨ੍ਹਾਂ ਨੂੰ ਮਿਲ ਜਾਵੇਗੀ। ਬੀਡੀਓ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ 1 ਲੱਖ 20 ਹਜ਼ਾਰ ਰੁਪਏ ਮਾਲੀ ਮਦਦ ਤੇ ਲਗਪਗ 30 ਤੋਂ 32 ਹਜ਼ਾਰ ਰੁਪਏ ਦਿਹਾੜੀਆਂ ਵਜੋਂ ਦਿੱਤੇ ਜਾਂਦੇ ਹਨ, ਜੋ ਕੁੱਲ ਮਿਲਾ ਕੇ ਕਰੀਬ 1 ਲੱਖ 52 ਹਜ਼ਾਰ ਰੁਪਏ ਬਣਦੇ ਹਨ। ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਘਰਾਂ ਨੂੰ ਪਹਿਲੀ ਜਾਂ ਦੂਜੀ ਕਿਸ਼ਤ ਤਾਂ ਮਿਲ ਚੁੱਕੀ ਹੈ, ਪਰ ਅੰਤਿਮ ਕਿਸ਼ਤ ਜਾਂ ਮੈਟੀਰੀਅਲ ਮਦਦ ਅਜੇ ਤੱਕ ਜਾਰੀ ਨਹੀਂ ਹੋਈ। ਪ੍ਰਭਾਵਿਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਠੰਡ ਵਿੱਚ ਤਰਪਾਲਾਂ ਹੇਠ ਰਹਿਣ ਦੀ ਮਜਬੂਰੀ ਤੋਂ ਛੁਟਕਾਰਾ ਮਿਲ ਸਕੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹਨਾਂ ਘਰਾਂ ਦੀਆਂ ਦੀਵਾਰਾਂ ਪਹਿਲਾਂ ਹੀ ਪੱਕੀਆਂ ਹਨ, ਉਨ੍ਹਾਂ ਨੂੰ ਢਾਹ ਕੇ ਨਵਾਂ ਘਰ ਬਣਾਉਣ ਦੀ ਸ਼ਰਤ ਢਿੱਲੀ ਕੀਤੀ ਜਾਵੇ ਅਤੇ ਸਿਰਫ਼ ਲੈਂਟਰ ਪਾਉਣ ਦੀ ਆਗਿਆ ਦਿੱਤੀ ਜਾਵੇ। ਕਿਉਂਕਿ ਘੱਟ ਰਕਮ ਨਾਲ ਪੂਰਾ ਘਰ ਮੁੜ ਬਣਾਉਣਾ ਮੁਸ਼ਕਲ ਹੁੰਦਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਵਾਧੂ ਪੈਸਾ ਵਿਆਜ ’ਤੇ ਲੈਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ’ਤੇ ਹੋਰ ਆਰਥਿਕ ਬੋਝ ਪੈਂਦਾ ਹੈ।