ਸੁਧੀਰ ਸਵੀਟ ਸ਼ਾਪ ’ਤੇ ਗੋਲੀਆਂ ਚਲਾਉਣ ਵਾਲੇ 4 ਕਾਬੂ
ਪੁਲਿਸ ਵੱਲੋਂ ਮਠਿਆਈ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ 4 ਦੋਸ਼ੀ ਗ੍ਰਿਫ਼ਤਾਰ
Publish Date: Thu, 15 Jan 2026 07:24 PM (IST)
Updated Date: Thu, 15 Jan 2026 07:27 PM (IST)
ਫਗਵਾੜਾ : ਕਪੂਰਥਲਾ ਪੁਲਿਸ ਨੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਐੱਸ ਸੁਧੀਰ ਸਵੀਟ ਸ਼ਾਪ ‘ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਹ ਕਾਰਵਾਈ ਸੀਆਈਏ ਸਟਾਫ਼ ਕਪੂਰਥਲਾ, ਥਾਣਾ ਸਿਟੀ ਫਗਵਾੜਾ ਤੇ ਥਾਣਾ ਸਦਰ ਫਗਵਾੜਾ ਦੀ ਸਾਂਝੀ ਟੀਮ ਵੱਲੋਂ ਜੁਆਇੰਟ ਆਪ੍ਰੇਸ਼ਨ ਤਹਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 12 ਜਨਵਰੀ 2026 ਨੂੰ ਸਵੇਰੇ ਕਰੀਬ 6:45 ਵਜੇ ਫਗਵਾੜਾ ਰੋਡ ਸਥਿਤ ਮਠਿਆਈ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੁਕੱਦਮਾ ਨੰਬਰ 08 ਮਿਤੀ 12-01-2026 ਅਧੀਨ ਧਾਰਾ 109 ਬੀਐੱਨਐੱਸ ਤੇ 25-54-59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਫਗਵਾੜਾ ਵਿਖੇ ਦਰਜ ਕੀਤਾ।
ਪੁਲਿਸ ਅਨੁਸਾਰ ਗੁਪਤ ਸੂਚਨਾ ਦੇ ਆਧਾਰ ‘ਤੇ ਸਾਂਝੇ ਆਪ੍ਰੇਸ਼ਨ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਮੇਹੜੂ, ਸੁਖਚਰਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਬੀੜ ਪੁਆਧ, ਕਮਲਦੀਪ ਸਿੰਘ ਉਰਫ਼ ਦੀਪ ਪੁੱਤਰ ਅਵਤਾਰ ਸਿੰਘ ਵਾਸੀ ਬਹਿਰਾਮ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੇ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਖੇੜਾ ਸ਼ਾਮਲ ਹਨ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ .32 ਬੋਰ ਦਾ ਪਿਸਤੌਲ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਨਿੱਜੀ ਰੰਜਿਸ਼ ਦੇ ਚੱਲਦੇ ਕੀਤੀ ਸੀ। ਮਾਮਲੇ ਦੀ ਹੋਰ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਐੱਸਐੱਸਪੀ ਗੌਰਵ ਤੂਰਾ ਨੇ ਸਪਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।