ਬਲਾਕ ਸੰਮਤੀ ਉਮੀਦਵਾਰ ਨੂੰ ਡਰਾ ਕੇ ਆਪ ਵਾਲੇ ਸਿਰੋਪਾਓ ਪਵਾ ਰਹੇ : ਚੰਦੀ
ਪੁਲਿਸ ਵਾਲੇ ਜਿੱਤੇ ਹੋਏ ਬਲਾਕ ਸੰਮਤੀ ਉਮੀਦਵਾਰ ਨੂੂੰ ਡਰਾਕੇ ਆਮ ਆਦਮੀ ਪਾਰਟੀ ਦੇ ਸਿਰੋਪੇ ਪਵਾ ਰਹੇ ਹਨ :- ਰਜਿੰਦਰ ਚੰਦੀ
Publish Date: Mon, 23 Mar 2026 08:06 PM (IST)
Updated Date: Mon, 23 Mar 2026 08:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ’ਚ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦਾ ਬਲਾਕ ਸੰਮਤੀ ਚੇਅਰਮੈਨ ਨਹੀ ਬਣਨ ਦਿੱਤਾ ਤੇ ਅਜ਼ਾਦ ਉਮੀਦਵਾਰ ਨੂੰ ਸਮਰਥਨ ਦੇ ਕੇ ਉਸਦੇ ਸਿਰ ਚੇਅਰਮੈਨੀ ਦਾ ਤਾਜ ਸਜਾ ਦਿੱਤਾ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉੁਮੀਦਵਾਰ ਦੇ ਪਰਿਵਾਰਕ ਮੈਂਬਰਾਂ ’ਤੇ ਪਰਚੇ ਕਰਕੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸਿਰੋਪਾਓ ਦਿੱਤੇ ਜਾ ਰਹੇ ਹਨ, ਜੋ ਕਿ ਲੋਕਤੰਤਰ ਦਾ ਸਰਾਸਰ ਘਾਣ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਆਪਣੇ ਦਫਤਰ ਪਲਾਹੀ ਰੋਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਬਲਾਕ ਸੰਮਤੀ ਜ਼ੋਨ ਡੁਮੇਲੀ ਤੋਂ ਸ੍ਰੋਮਣੀ ਅਕਾਲੀ ਦਲ ਦੀ ਬਲਾਕ ਸੰਮਤੀ ਜੇਤੂ ਬਲਵੀਰ ਕੌਰ ਦੇ ਘਰਵਾਲੇ ’ਤੇ 7 ਫਰਵਰੀ ਨੂੰ ਪਰਚਾ ਦਰਜ ਕਰਕੇ ਐੱਸਐੱਚਓ ਰਾਵਲਪਿੰਡੀ ਵੱਲੋਂ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਟਾਰਚਰ ਕਰਕੇ ਬਾਅਦ ਵਿਚ ਆਮ ਆਦਮੀ ਪਾਰਟੀ ਦਾ ਸਿਰੋਪਾਓ ਪਵਾ ਦਿੱਤਾ। ਰਜਿੰਦਰ ਸਿੰਘ ਚੰਦੀ ਨੇ ਇਹ ਵੀ ਦੱਸਿਆ ਕਿ ਥਾਣਾ ਰਾਵਲਪਿੰਡੀ ਦਾ ਐੱਸਐੱਚਓ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਿਹਾ ਹੈ ਉਸ ਨੂੰ ਇਹ ਨਹੀ ਦਿਖਦਾ ਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਇਸ ਤਰ੍ਹਾਂ ਦੇ ਮੁਲਾਜ਼ਮ ਬਖ਼ਸ਼ੇ ਨਹੀਂ ਜਾਣਗੇ। ਚੰਦੀ ਨੇ ਇਹ ਵੀ ਦੱਸਿਆ ਕਿ ਥਾਣਾ ਰਾਵਲਪਿੰਡੀ ਦੇ ਐੱਸਐੱਚਓ ਨੇ ਬਲਾਕ ਸੰਮਤੀ ਮੈਂਬਰ ਦੇ ਪਤੀ ’ਤੇ ਐੱਫਆਈਆਰ ਦਰਜ ਕਰਕੇ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਡਰਾਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ। ਚੰਦੀ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਪੁਲਿਸ ਵਾਲੇ ਇਸ ਤਰ੍ਹਾਂ ਦੇ ਅਫਸਰ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ ਤੇ ਆਪਣੀ ਵਰਦੀ ਦਾ ਰੋਹਬ ਪਾ ਕੇ ਆਮ ਆਦਮੀ ਪਾਰਟੀ ’ਚ ਜਬਰਦਸਤੀ ਸ਼ਾਮਲ ਕਰਵਾ ਰਹੇ ਹਨ। ਇਸ ਮੌਕੇ ਬਿੰਦਰ ਸਿੰਘ ਰਾਵਲਪਿੰਡੀ, ਅਜਾਇਬ ਸਿੰਘ, ਸਤਪਾਲ ਸਿੰਘ ਕਿਸ਼ਨਪੁਰ, ਜਸਵਿੰਦਰ ਸਿੰਘ ਘੁੰਮਣ, ਮੋਹਨ ਸਿੰਘ ਵਾਹਦ, ਬਲਵੀਰ ਖਲਵਾੜਾ, ਨਛੱਤਰ ਸਿੰਘ, ਰਣਜੀਤ ਸਿੰਘ, ਹੁਸ਼ਿਆਰ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਮੇਵਾ ਸਿੰਘ ਆਦਿ ਹਾਜ਼ਰ ਸਨ।