ਕਪੂਰਥਲਾ ਦਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ : ਰਾਣਾ ਗੁਰਜੀਤ ਸਿੰਘ
ਗੁੰਡਾਗਰਦੀ ਉੱਤੇੇ ਨੁਕੇਲ ਪਾਉਂਣ ਵਿਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ : ਰਾਣਾ ਗੁਰਜੀਤ ਸਿੰਘ
Publish Date: Fri, 09 Jan 2026 07:55 PM (IST)
Updated Date: Fri, 09 Jan 2026 07:57 PM (IST)

ਅਮਰੀਕ ਸਿੰਘ ਮੱਲ੍ਹੀ/ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਨਿੱਤ ਦਿਨ ਹੋ ਰਹੀ ਗੋਲੀਬਾਰੀ, ਗੁੰਡਾਗਰਦੀ, ਲੁੱਟ-ਖਸੁੱਟ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਦੇ ਚਲਦਿਆਂ ਜਿੱਥੇ ਆਮ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਉਕਤ ਘਟਨਾਵਾਂ ਨਾਲ ਰਾਜਨੀਤਿਕ ਪਾਰਾ ਵੀ ਸਿਖਰ ਉੱਤੇ ਪੁੱਜਦਾ ਵਿਖਾਈ ਦੇ ਰਿਹਾ ਹੈ। ਲੰਘੀ ਰਾਤ ਬਲਾਕ ਕਮੇਟੀ ਦੇ ਨਵੇਂ ਜੇਤੂ ਕਾਂਗਰਸੀ ਉਮੀਦਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਚਾਰ-ਪੰਜ ਅਣਪਛਾਤੇ ਲੋਕਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਪਿੰਡ ਲੱਖਨ ਕਲਾਂ ਦੀ ਘਟਨਾ ’ਤੇ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਸਖ਼ਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਗੁੰਡਾਗਰਦੀ ਉੱਤੇ ਨੁਕੇਲ ਕੱਸਣ ਵਿਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਕਰਾਰ ਦਿੱਤਾ ਹੈ। ਪੁਲਿਸ ਪ੍ਰਸਾਸ਼ਨ ਉੱਤੇ ਵਰ੍ਹਦੇ ਹੋਏ ਵਿਧਾਇਕ ਰਾਣਾ ਨੇ ਕਿਹਾ ਕਿ ਪੁਲਿਸ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਣ ਦੀ ਬਜਾਏ ਕਥਿਤ ਤੌਰ ਉੱਤੇ ਭ੍ਰਿਸ਼ਟਾਚਾਰ ਵਿਚ ਰੰਗੀ ਹੋਈ ਹੈ। ਉਨ੍ਹਾਂ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਭਤੀਜੇ ਸਤਵਿੰਦਰ ਪਾਲ ਸਿੰਘ ਨੇ ਹਾਲ ਹੀ ਵਿਚ ਕਾਂਗਰਸ ਵੱਲੋਂ ਬਲਾਕ ਸੰਮਤੀ ਦੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਿੱਤਰ ਸਿੰਘ ਨੂੰ ਹਰਾ ਕੇ ਜਿੱਤੀ ਹੈ, ਪ੍ਰੰਤੂ ਚੋਣ ਦੇ ਕੁੱਝ ਦਿਨ ਬਾਅਦ ਪਿੰਡ ਵਿਚ ਰਾਜਨੀਤਿਕ ਰੰਜਿਸ਼ ਦੇ ਚੱਲਦੇ ਦਲਜੀਤ ਸਿੰਘ ਦੇ ਘਰ ਉੱਤੇ 4-5 ਹਥਿਆਰਬੰਦ ਲੋਕਾਂ ਵੱਲੋਂ ਰਾਤ 10:15 ਵਜੇ ਦੇ ਕਰੀਬ ਵੱਡੇ ਪੱਧਰ ਉੱਤੇ ਗੋਲੀਬਾਰੀ ਕੀਤੀ ਗਈ। ਜੇਕਰ ਦਲਜੀਤ ਸਿੰਘ ਦੇ ਘਰ ਦਾ ਗੇਟ ਖੁੱਲ੍ਹਾ ਹੁੰਦਾ ਤਾਂ ਹਮਲਾਵਰ ਘਰ ਦੇ ਮੈਬਰਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਸਨ। ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਦਲਜੀਤ ਸਿੰਘ ਨੇ ਦੱਸਿਆ ਕਿ ਇਕ-ਦੋ ਦਿਨ ਪਹਿਲਾਂ ਫੇਸਬੁਕ ਉੱਤੇ ਰਾਜਨੀਤਿਕ ਰੰਜਿਸ਼ ਕੱਢਣ ਦੀ ਧਮਕੀ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਸੀ, ਜਿਸਦੇ ਨਤੀਜੇ ਵਜੋਂ ਇਹ ਘਟਨਾ ਵਾਪਰੀ ਹੈ। ਰਾਣਾ ਗੁਰਜੀਤ ਸਿੰਘ ਨੇ ਐੱਸਐੱਸਪੀ ਨੂੰ ਕਿਹਾ ਕਿ ਉਹ ਗੁੰਡਾਗਰਦੀ ਨੂੰ ਰੋਕਣ ਲਈ ਸਾਰੇ ਐੱਸਐੱਚਓਜ਼ ਨੂੰ ਆਦੇਸ਼ ਜਾਰੀ ਕਰਨ। ਅਜਿਹਾ ਨਾ ਹੋਵੇ ਕਿ ਗੁੰਡਾਗਰਦੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਉਣ ਵਾਲੇ ਦਿਨਾਂ ਵਿਚ ਸਿਰਦਰਦ ਬਣ ਜਾਵੇ, ਕਿਉਂਕਿ ਆਮ ਵਿਅਕਤੀ ਸੁਰੱਖਿਅਤ ਨਹੀਂ ਵਿਖਾਈ ਦੇ ਰਿਹਾ ਹੈ। ਸ਼ਹਿਰ ਦੇ ਸੀਨਪੁਰਾ ਚੌਂਕ ਵਿਚ ਇਕ ਮਹਿਲਾ ਦੇ ਘਰ ਵਿਚ ਦਾਖਲ ਹੋ ਕੇ ਤਿੰਨ ਲੋਕਾਂ ਨੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਇਸੇ ਤਰ੍ਹਾਂ ਬੀਤੇ ਡੇਢ ਮਹੀਨੇ ਪਹਿਲਾਂ ਉਨ੍ਹਾਂ ਦੇ ਨਿਵਾਸ ਸਥਾਨ ਸਰਕੂਲਰ ਰੋਡ ਏਕਤਾ ਭਵਨ ਦੇ ਨਜ਼ਦੀਕ ਔਜਲਾ ਰੋਡ ਨਿਵਾਸੀ ਮਹਿਲਾ ਮਨਪ੍ਰੀਤ ਕੌਰ ਉੱਤੇ ਵੀ ਕੁੱਝ ਨੌਜਵਾਨਾਂ ਨੇ ਗੋਲੀਬਾਰੀ ਕਰ ਉਸਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ, ਜਦੋਂ ਕਿ ਹੁਸੈਨਪੁਰ ਰੋਡ ਉੱਤੇ ਰਾਜ ਮਾਤਾ ਕਰਿਆਨਾ ਸਟੋਰ ਦੇ ਗਡਾਉਨ ਉੱਤੇ ਬੀਤੇ ਦਿਨੀਂ ਗੋਲੀਬਾਰੀ ਹੋਈ ਅਤੇ ਉਨ੍ਹਾਂ ਦੇ ਮਾਲਿਕ ਨੂੰ ਫਿਰੌਤੀ ਮੰਗਣ ਦੀ ਚਿੱਠੀ ਭੇਜੀ ਗਈ। ਉਕਤ ਸਾਰੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਉੱਤੇ ਪ੍ਰਸ਼ਨ ਚਿੰਨ੍ਹ ਹਨ, ਜਿਸਦਾ ਜਵਾਬ ਐੱਸਐੱਸਪੀ ਨੂੰ ਦੇਣਾ ਚਾਹੀਦਾ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿਚ ਅਸਫਲ ਸਾਬਤ ਹੋਈ ਹੈ। ਪੂਰੇ ਪ੍ਰਦੇਸ਼ ਵਿਚ ਚੋਰੀ, ਲੁੱਟ-ਖਸੁੱਟ, ਗੋਲੀਬਾਰੀ, ਗੁੰਡਾਗਰਦੀ ਦਾ ਨੰਗਾ ਨਾਚ ਹਰ ਰੋਜ਼ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਨਣ ਉੱਤੇ ਸਭ ਤੋਂ ਪਹਿਲਾਂ ਗੁੰਡਾਗਰਦੀ ਨੂੰ ਸਾਫ਼ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਦੀ ਹਲਕੀ ਕਾਰਗੁਜ਼ਾਰੀ ਨੂੰ ਲੈ ਕੇ ਉਹ ਛੇਤੀ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰ ਤੁਰੰਤ ਸਖ਼ਤ ਕਾਰਵਾਈ ਕਰਣ ਦੀ ਮੰਗ ਦੁਹਰਾਉਣਗੇ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਕਾਂਗਰਸ ਆਗੂ ਕੁਲਦੀਪ ਸਿੰਘ, ਵਿਧਾਇਕ ਰਾਣਾ ਦੇ ਨਿੱਜੀ ਸਕੱਤਰ ਗੁਰਪਿੰਦਰ ਸਿੰਘ ਮਾਂਗਟ, ਜਸਪਾਲ ਸਿੰਘ, ਵਿਧਾਇਕ ਰਾਣੇ ਦੇ ਦਫ਼ਤਰੀ ਸਕੱਤਰ ਮਨਪ੍ਰੀਤ ਸਿੰਘ ਮਾਂਗਟ, ਨਰੈਣ ਵਸ਼ਿਸ਼ਟ ਦੇ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਲੱਖਨ ਕਲਾਂ ਦੇ ਨਿਵਾਸੀ ਸ਼ਾਮਲ ਸਨ।