ਸ਼ਾਇਰ ਧਰਮ ਪਾਲ ਪੈਂਥਰ ਨੂੰ ਕੀਤਾ ਸਨਮਾਨਿਤ
ਸ਼ਾਇਰ ਧਰਮ ਪਾਲ ਪੈਂਥਰ ਨੂੰ ਕੀਤਾ ਸਨਮਾਨਿਤ
Publish Date: Tue, 13 Jan 2026 07:43 PM (IST)
Updated Date: Tue, 13 Jan 2026 07:45 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਭਵਨ ਸਰੀ ਆਫ ਕੈਨੇਡਾ ਦੇ ਸੰਸਥਾਪਕ, ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਫਿਕਰਮੰਦ, ਪੰਜਾਬੀ ਦੀਆਂ ਨਵੀਆਂ ਕਲਮਾਂ ਨਵੀਂ ਉਡਾਣ ਨੂੰ ਉਤਸ਼ਾਹਿਤ ਕਰਨ ਵਾਲੇ ਸੁੱਖੀ ਬਾਠ ਵੱਲੋਂ ਸ਼ਾਇਰ ਧਰਮ ਪਾਲ ਪੈਂਥਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁੱਖੀ ਬਾਠ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸ਼ਾਇਰ ਜਾਂ ਸਾਹਿਤਕਾਰ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਕੈਨੇਡਾ ਦੀ ਧਰਤੀ ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਵਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਪੈਂਥਰ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਦੋ ਪੁਸਤਕਾਂ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਪਾਈਆਂ। ਪੰਜਾਬੀ ਦੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿ ਵਿਚ ਰਚਨਾਵਾਂ ਸ਼ਾਮਲ ਹਨ। ਆਸ ਕਰਦੇ ਹਾਂ ਕਿ ਭਵਿੱਖ ਵਿਚ ਵੀ ਉਹ ਆਪਣਾ ਸਫ਼ਰ ਜਾਰੀ ਰੱਖੇਗਾ। ਇਸ ਮੌਕੇ ਤੇ ਸੁੱਖੀ ਬਾਠ ਨੇ ਚਿੰਤਾ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਵਿਦੇਸ਼ਾਂ ਦੀ ਚਮਕ ਦਮਕ ਅਤੇ ਡਾਲਰਾਂ ਦੀ ਮੋਹ ਮਾਇਆ ਨੇ ਪੰਜਾਬ ਅਤੇ ਪੰਜਾਬੀਆਂ ਵਿਚ ਰਿਸ਼ਤਿਆਂ ਦੀ ਸਾਂਝ ਖਤਮ ਕਰ ਦਿੱਤੀ। ਹਰੇਕ ਇਨਸਾਨ ਨੇ ਪੈਸੇ ਦੀ ਦੌੜ ਲਾਈ ਹੋਈ, ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਦਾ। ਪੰਜਾਬ ਭਵਨ ਆਪਣੇ ਸੀਮਿਤ ਸਾਧਨਾਂ ਰਾਹੀਂ ਭਰਪੂਰ ਕੋਸ਼ਿਸ਼ ਕਰ ਰਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਅਤੇ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਪ੍ਰੇਰਿਤ ਕਰੇ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹੁੰਦੇ ਹਨ, ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਕਿ ਕੱਲ੍ਹ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਲੋੜੀਂਦੇ ਉਪਰਾਲੇ ਕਰੀਏ। ਆਪਣੇ ਸਨਮਾਨ ਵਿਚ ਧਰਮ ਪਾਲ ਪੈਂਥਰ ਨੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਲਈ ਮੇਰੀ ਜ਼ਿੰਮੇਵਾਰੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਮੈਂ ਹਮੇਸ਼ਾ ਆਪਣੀਆਂ ਰਚਨਾਵਾਂ ਰਾਹੀਂ ਦੱਬੇ-ਕੁਚਲੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ, ਮਾਨਵਤਾਵਾਦੀ ਮਹਾਂਪੁਰਖਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ, ਦਿਨੋ-ਦਿਨ ਵੱਧ ਰਿਹਾ ਬਾਬਾਵਾਦ, ਸਮਾਜਿਕ ਕੁਰੀਤੀਆਂ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕੀਤਾ ਹੈ। ਪੰਜਾਬ ਭਵਨ ਵੱਲੋਂ ਧਰਮ ਪਾਲ ਪੈਂਥਰ ਤੇ ਉਨ੍ਹਾਂ ਦੀ ਸਪੁੱਤਰੀ ਮਲਿਕਾ ਭਾਟੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।