- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠੰਡੇ ਬਸਤੇ ਚ ਪਿਆ ਫਗਵਾੜਾ ਸ਼ੂਗਰ ਮਿਲ ਪੁੱਲ ਦਾ ਮਸਲਾ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਤੋਂ ਪਹਿਲਾਂ ਭਖਿਆ ਹੋਇਆ ਮੁੱਦਾ ਸ਼ੂਗਰ ਮਿਲ ਪੁੱਲ ਉੱਪਰ ਹੁਸ਼ਿਆਰਪੁਰ ਰੋਡ ਨੂੰ ਜਾਣ ਵਾਲੇ ਰਾਸਤੇ ਦਾ ਬਣਿਆ ਰਿਹਾ। ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਵਾਇਆ ਸੀ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕਰਵਾ ਦਿੱਤਾ ਜਾਵੇਗਾ ਤਾਂ ਜੋ ਹੁਸ਼ਿਆਰਪੁਰ ਰੋਡ ਨੂੰ ਜਾਣ ਵਾਲੇ ਵਾਹਨ ਜੋ ਕਿ ਪੁਲ ਦੇ ਹੇਠੋਂ ਗੁਜ਼ਰਦੇ ਹਨ, ਨੂੰ ਸਿੱਧਾ ਰਸਤਾ ਦੇਣ ਲਈ ਕੌਮੀ ਰਾਜ ਮਾਰਗ ਪ੍ਰਬੰਧਕਾਂ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ ਸੀ। ਉਸ ਮੌਕੇ ਆਮ ਆਦਮੀ ਪਾਰਟੀ ਦੇ ਫਗਵਾੜਾ ਦੇ ਨੁਮਾਇੰਦਿਆਂ ਦੀ ਕੌਮੀ ਰਾਜਮਾਰਗ ਅਥਾਰਟੀ ਨਾਲ ਹੋਈ ਮੀਟਿੰਗ ਨੂੰ ਹੋਇਆਂ ਲਗਭਗ ਇਕ ਸਾਲ ਤੋਂ ਵੀ ਉੱਪਰ ਹੋ ਗਿਆ ਹੈ ਪਰ ਇਸ ਮਸਲੇ ਦਾ ਕੋਈ ਵੀ ਢੁਕਵਾਂ ਹੱਲ ਨਹੀਂ ਹੋ ਸਕਿਆ। ਜਦ ਕਿ ਰਾਹਗੀਰ ਜਲਦੀ ਪਹੁੰਚਣ ਦੇ ਚੱਕਰ ਵਿਚ ਪੁਲ ਦੇ ਉੱਪਰੋਂ ਡੰਡੀਆਂ ਬਣਾ ਕੇ ਰਸਤਾ ਕਰਾਸ ਕਰਦੇ ਹਨ ਤੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ ਸ਼ੇਰਗਿੱਲ, ਸਤਵਿੰਦਰ ਸਿੰਘ ਘੁੰਮਣ, ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਸ਼ੂਗਰ ਮਿੱਲ ਪੁੱਲ ਉੱਪਰ ਹੁਸ਼ਿਆਰਪੁਰ ਰੋਡ ਨੂੰ ਜਾਂਦੇ ਰਸਤੇ ਨੂੰ ਬੰਦ ਕੀਤਾ ਗਿਆ ਹੈ, ਜਿਸ ਨਾਲ ਉੱਥੇ ਹੋ ਰਹੀਆਂ ਦੁਰਘਟਨਾਵਾਂ ਤੋਂ ਤਾਂ ਜ਼ਰੂਰ ਬਚਾਅ ਹੋ ਗਿਆ ਹੈ ਪਰ ਸ਼ਹਿਰ ਵਾਸੀਆਂ ਦੀ ਸਿਰਦਰਦੀ ਵਧ ਗਈ ਹੈ। ਇਸ ਦਾ ਮੁੱਖ ਕਾਰਨ ਹੁਸ਼ਿਆਰਪੁਰ ਨੂੰ ਜਾਣ ਵਾਲੇ ਵਾਹਨ ਪੁਲ ਦੇ ਹੇਠਾਂ ਤੋਂ ਗੁਜ਼ਰਦੇ ਹਨ, ਜਿਸ ਨਾਲ ਕਿ ਟਰੈਫਿਕ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਨਜ਼ਦੀਕ ਬਣਾਏ ਗਏ ਫਲਾਈ ਓਵਰ ਨੂੰ ਐਬੂਲੈਂਸ ਨੂੰ ਸਿੱਧਾ ਸਿਵਲ ਹਸਪਤਾਲ ਤੱਕ ਜਲਦੀ ਪਹੁੰਚਾਉਣ ਲਈ ਮਾਰਗ ਤਿਆਰ ਕਰਵਾਇਆ ਗਿਆ ਸੀ ਪਰ ਇਸ ਮਾਰਗ ਦਾ ਇਸਤੇਮਾਲ ਹੁਸ਼ਿਆਰਪੁਰ ਰੋਡ ਨੂੰ ਜਾਣ ਵਾਲੇ ਵਾਹਨਾਂ ਲਈ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਰਾਸਤੇ ’ਤੇ ਵੀ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਤੰਜ਼ ਕਸਦਿਆਂ ਕਿਹਾ ਕਿ ਜਿਵੇਂ ਫਗਵਾੜਾ ਸ਼ਹਿਰ ਤੇ ਪਿੰਡਾਂ ਦੀਆਂ ਸੜਕਾਂ ਲਈ ਕਈ ਮਹੀਨੇ ਪਹਿਲਾਂ ਹੀ ਫੋਟੋਆਂ ਪਾ ਦਿੱਤੀਆਂ ਗਈਆਂ ਸਨ ਕਿ ਫਗਵਾੜੇ ਦੇ ਸਾਰੇ ਪਿੰਡਾਂ ਤੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਸ਼ੁਰੂ ਹੋ ਚੁੱਕੀ ਹੈ, ਉਸੇ ਤਰ੍ਹਾਂ ਇਸ ਪੁੱਲ ਦਾ ਮਾਮਲਾ ਵੀ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਪਿੰਡਾਂ ਤੇ ਸ਼ਹਿਰ ਦੀ ਨੁਹਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਦਲੀ ਸੀ। ਅੱਜ ਕੋਈ ਇਕ ਪਿੰਡ ਅਜਿਹਾ ਨਹੀਂ ਹੈ ਜਿਸ ਦੀਆਂ ਸੜਕਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਬਣਵਾਈਆਂ ਗਈਆਂ ਹਨ। ਇਹ ਸਿਰਫ ਦਿਖਾਵੇ ਦੀ ਰਾਜਨੀਤੀ ਕਰਦੇ ਹਨ, ਜਿਸ ਦਾ ਜਵਾਬ 2027 ਵਿਧਾਨ ਸਭਾ ਚੋਣਾਂ ’ਚ ਫਗਵਾੜਾ ਵਾਸੀ ਜ਼ਰੂਰ ਦੇਣਗੇ।