ਛੇਤੀ ਸ਼ੁਰੂ ਹੋਵੇਗਾ ਬੰਗਾ ਰੋਡ ਦਾ ਨਿਰਮਾਣ ਕਾਰਜ : ਡਾ. ਰਾਜ
ਫਗਵਾੜਾ ਵਾਸੀਆਂ ਨੂੰ ਮਿਲੇਗੀ ਵੱਡੀ ਸਹੂਲਤ, ਕੁਝ ਦਿਨਾਂ ਵਿੱਚ ਸ਼ੁਰੂ ਹੋਵੇਗਾ ਬੰਗਾ ਰੋਡ ਦਾ ਨਿਰਮਾਣ ਕਾਰਜ : ਡਾ. ਰਾਜ ਕੁਮਾਰ ਚੱਬੇਵਾਲ
Publish Date: Thu, 11 Jun 2026 06:57 PM (IST)
Updated Date: Thu, 11 Jun 2026 06:59 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਲੋਕ ਸਭਾ ਵਿਚ ਉਪ ਨੇਤਾ, ਸੰਸਦ ਮੈਂਬਰ ਤੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਗਵਾੜਾ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਬੰਗਾ ਰੋਡ ਸੜਕ ਦਾ ਨਿਰਮਾਣ ਕਰਵਾਉਣ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਡਾ. ਰਾਜ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਸੜਕ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਸੜਕ ਨਿਰਮਾਣ ਕਾਰਜ ਨੂੰ ਮਨਜ਼ੂਰੀ ਮਿਲਣ ਤੇ ਜਲਦ ਹੀ ਸੜਕ ਦਾ ਕੰਮ ਸ਼ੁਰੂ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਬੰਗਾ ਰੋਡ ਦੇ ਸਮੂਹ ਦੁਕਾਨਦਾਰਾਂ, ਵਪਾਰੀਆਂ ਤੇ ਨਿਵਾਸੀਆਂ ਨੇ ਸੰਸਦ ਮੈਂਬਰ ਡਾ. ਰਾਜ ਦਾ ਸਵਾਗਤ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਫਗਵਾੜਾ ਵਾਸੀ ਉਨ੍ਹਾਂ ਦੇ ਸ਼ਹਿਰ ਦੀਆਂ ਦੋ ਮੁੱਖ ਸੜਕਾਂ ਪਲਾਹੀ ਰੋਡ ਤੇ ਬੰਗਾ ਰੋਡ ਦੀ ਖਸਤਾ ਹਾਲਤ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਏ ਸਨ ਤੇ ਲੋਕ ਹਿੱਤ ਵਿਚ ਇਨ੍ਹਾਂ ਸੜਕਾਂ ਦਾ ਨਿਰਮਾਣ ਕਰਵਾਉਣ ਦੀ ਮੰਗ ਕੀਤੀ ਸੀ। ਲੋਕਾਂ ਦੀ ਇਸ ਮੰਗ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਤੱਕ ਪਹੁੰਚਾਇਆ, ਜਿਸ ਤੋਂ ਬਾਅਦ ਪਹਿਲਾਂ ਪਲਾਹੀ ਰੋਡ ਦੀ ਸੜਕ ਨੂੰ ਮਨਜ਼ੂਰ ਕਰਵਾ ਕੇ ਉਸ ਦਾ ਨਿਰਮਾਣ ਕਾਰਜ ਮੁਕੰਮਲ ਕਰਵਾਇਆ ਗਿਆ ਤੇ ਹੁਣ ਬੰਗਾ ਰੋਡ ਦੀ ਸੜਕ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਮਿਲ ਗਈ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਾਰਜ ਅਗਲੇ ਹਫ਼ਤੇ ਤੱਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 5.20 ਕਿਲੋਮੀਟਰ ਲੰਬੀ ਬਣਨ ਵਾਲੀ ਇਸ ਸੜਕ ਤੇ 5 ਕਰੋੜ 20 ਲੱਖ ਰੁਪਏ ਖ਼ਰਚ ਹੋਣਗੇ। ਸੰਸਦ ਮੈਂਬਰ ਡਾ. ਰਾਜ ਨੇ ਕਿਹਾ ਕਿ ਬੰਗਾ ਰੋਡ ਸੜਕ ਦਾ ਨਿਰਮਾਣ ਮੁਕੰਮਲ ਹੋਣ ਨਾਲ ਸਥਾਨਕ ਦੁਕਾਨਦਾਰਾਂ, ਵਪਾਰੀਆਂ ਤੇ ਨਿਵਾਸੀਆਂ ਨੂੰ ਤਾਂ ਫ਼ਾਇਦਾ ਹੋਵੇਗਾ ਹੀ, ਨਾਲ ਹੀ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਤੇ ਸਮੂਹ ਫਗਵਾੜਾ ਵਾਸੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ। ਉਨ੍ਹਾਂ ਦਾ ਯਤਨ ਫਗਵਾੜਾ ਨੂੰ ਇਕ ਮਾਡਰਨ ਸਿਟੀ (ਆਧੁਨਿਕ ਸ਼ਹਿਰ) ਵਜੋਂ ਵਿਕਸਤ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ।