ਐੱਸਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੇ ਚਲਾਈ ਚੈਕਿੰਗ ਮੁਹਿੰਮ
ਐਸ਼ ਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਫਗਵਾੜਾ ਪੁਲਿਸ ਨੇ ਵੱਖ ਵੱਖ ਥਾਵਾਂ ਤੇ ਦਿਤੀ ਦਬਿਸ਼
Publish Date: Mon, 09 Feb 2026 08:58 PM (IST)
Updated Date: Mon, 09 Feb 2026 08:59 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਤੇ ਸ਼ਰਾਰਤੀ ਅਨਸਰਾਂ ‘ਤੇ ਨਕੇਲ ਕਸਣ ਲਈ ਐੱਸਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਰੇਲਵੇ ਸਟੇਸ਼ਨ, ਲਾਅ ਗੇਟ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੁਲਿਸ ਟੀਮਾਂ ਨੇ ਜਾਂਚ ਕੀਤੀ ਤੇ ਫਲੈਗ ਮਾਰਚ ਕੱਢਿਆ। ਐੱਸਪੀ ਮਾਧਵੀ ਸ਼ਰਮਾ ਨੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨਾਲ ਮਿਲ ਕੇ ਖੁਦ ਮੈਦਾਨ ਵਿਚ ਉਤਰ ਕੇ ਸਥਿਤੀ ਦਾ ਜਾਇਜ਼ਾ ਲਿਆ। ਫਲੈਗ ਮਾਰਚ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਤੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਚੈਕਿੰਗ ਮੁਹਿੰਮਾਂ ਤੇ ਫਲੈਗ ਮਾਰਚ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ। ਪੁਲਿਸ ਦੀ ਇਸ ਕਾਰਵਾਈ ਨਾਲ ਸ਼ਹਿਰ ਵਾਸੀਆਂ ਵਿਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ ਹੈ ਤੇ ਲੋਕਾਂ ਨੇ ਪੁਲਿਸ ਦੀ ਇਸ ਪਹਿਲ ਦੀ ਸਾਰਾਹਨਾ ਕੀਤੀ ਹੈ। ਫਗਵਾੜਾ ਦੇ ਸ਼ਹਿਰੀ ਖੇਤਰ ਵਿਚ ਵੱਧ ਰਹੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸਪੀ ਮਾਧਵੀ ਸ਼ਰਮਾ ਨੇ ਸੜਕਾਂ ‘ਤੇ ਸਾਮਾਨ ਰੱਖ ਕੇ ਜਾਂ ਰੇਹੜੀਆਂ ਲਗਾ ਕੇ ਆਵਾਜਾਈ ਵਿਚ ਰੁਕਾਵਟ ਬਣ ਰਹੇ ਦੁਕਾਨਦਾਰਾਂ ਤੇ ਰੇਹੜੀ-ਫੜੀ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਸੜਕਾਂ ‘ਤੇ ਕਬਜ਼ਾ ਕਰਕੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੇ ਹਨ, ਉਨ੍ਹਾਂ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਤੇ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਹੱਦ ਵਿਚ ਰਹਿ ਕੇ ਵਪਾਰ ਕੀਤਾ ਜਾਵੇ ਤੇ ਸੜਕਾਂ ਜਾਂ ਫੁੱਟਪਾਥਾਂ ’ਤੇ ਕਬਜ਼ਾ ਨਾ ਕੀਤਾ ਜਾਵੇ। ਐੱਸਪੀ ਨੇ ਸਪਸ਼ਟ ਕੀਤਾ ਕਿ ਭਵਿੱਖ ਵਿਚ ਵੀ ਅਜਿਹੀ ਜਾਂਚ ਮੁਹਿੰਮ ਜਾਰੀ ਰਹੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕੋਈ ਛੂਟ ਨਹੀਂ ਦਿੱਤੀ ਜਾਵੇਗੀ। ਪੁਲਿਸ ਦੀ ਇਸ ਕਾਰਵਾਈ ਨਾਲ ਸ਼ਹਿਰ ਵਿਚ ਟ੍ਰੈਫਿਕ ਪ੍ਰਬੰਧਾਂ ਨੂੰ ਸੁਧਾਰਨ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਆਮ ਲੋਕਾਂ ਨੇ ਇਸ ਮੁਹਿੰਮ ਦੀ ਸਾਰਾਹਨਾ ਕੀਤੀ ਹੈ। ਇਸ ਸਾਰੀ ਕਾਰਵਾਈ ਵਿਚ ਡੀਐੱਸਪੀ ਭਾਰਤ ਭੂਸ਼ਨ, ਐੱਸਐੱਚਓ ਅਮਨਪ੍ਰੀਤ ਕੌਰ, ਐੱਸਐੱਚਓ ਮੇਜਰ ਸਿੰਘ ਵੀ ਮੌਜੂਦ ਰਹੇ।