ਫ਼ਗਵਾੜਾ ਦੇ ਪੈਨਸ਼ਨਰ ਸਾਂਝਾ ਫਰੰਟ ਦੀ ਮੋਹਾਲੀ ਰੈਲੀ ’ਚ ਹੋਏ ਸ਼ਾਮਲ
ਫ਼ਗਵਾੜਾ ਦੇ ਪੈਨਸ਼ਨਰ ਸਾਂਝਾ ਫਰੰਟ ਦੀ ਮੋਹਾਲੀ ਰੈਲੀ ਵਿੱਚ ਹੋਏ ਸ਼ਾਮਲ
Publish Date: Sun, 08 Mar 2026 07:27 PM (IST)
Updated Date: Sun, 08 Mar 2026 07:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਸਾਂਝਾ ਫਰੰਟ ਪੰਜਾਬ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਦਬਾਅ ਅਧੀਨ ਗੱਲਬਾਤ ਕਰਨ ਲਈ ਮੀਟਿੰਗ ਤਾਂ ਦਿੱਤੀ ਜਾਂਦੀ ਰਹੀ ਹੈ ਪਰ ਵਾਰ-ਵਾਰ ਮੀਟਿੰਗਾਂ ਦੀਆਂ ਮਿਤੀਆਂ ਨੂੰ ਰੱਦ ਕਰਕੇ, ਸਾਂਝਾ ਫਰੰਟ ਦੇ ਆਗੂਆਂ ਨਾਲ ਦੋ ਧਿਰੀ ਗੱਲਬਾਤ ਕਰਨ ਤੋਂ ਭੱਜਣ ਦਾ ਪੰਜਾਬ ਸਰਕਾਰ ਨੇ ਇਤਿਹਾਸ ਸਿਰਜਿਆ ਹੈ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਨਾਂ ਵਿਚ ਪੰਜਾਬ ਸਰਕਾਰ ਵੱਲੋਂ ਮੰਗਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਵਾਲੇ ਵਤੀਰੇ ਵਿਰੁੱਧ ਅਥਾਹ ਰੋਸ ਤੇ ਗ਼ੁੱਸਾ ਭੜਕ ਗਿਆ ਹੈ। ਆਪਣੇ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੇ ਦੌਰਾਨ 8 ਤੋਂ 11 ਮਾਰਚ ਤੱਕ ਰੈਲੀਆਂ ਕਰਕੇ ਵਿਧਾਨ ਸਭਾ ਵੱਲ ਰੋਹ ਭਰਪੂਰ ਮਾਰਚ ਕਰਨ ਦੇ ਕੀਤੇ ਗਏ ਐਲਾਨ ਅਨੁਸਾਰ ਅੱਜ 8 ਮਾਰਚ ਦੀ ਪਹਿਲੇ ਦਿਨ ਦੀ ਰੈਲੀ ਵਿਚ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪੈਨਸ਼ਨਰਾਂ ਨੇ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿਚ ਮੋਹਾਲੀ ਸੂਬਾਈ ਰੈਲੀ ਤੇ ਮਾਰਚ ਵਿਚ ਸ਼ਮੂਲੀਅਤ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ 16 ਪ੍ਰਤੀਸ਼ਤ ਡੀਏ ਤੇ ਪਿਛਲੇ ਡੀਏ ਦੇ ਬਕਾਏ ਨਹੀਂ ਦੇ ਰਹੀ। ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਰਹੀ, ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕਰ ਰਹੀ, ਪੇ ਕਮਿਸ਼ਨ ਵੱਲੋਂ ਕੀਤੀ ਗਈ ਸਿਫਾਰਸ਼ ਅਨੁਸਾਰ 2.59 ਦਾ ਗੁਣਾਂਕ ਪੈਨਸ਼ਨਰਾਂ ਨੂੰ ਨਹੀਂ ਦੇ ਰਹੀ। ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਕੋਰਟਾਂ ਦੇ ਫੈਸਲੇ ਲਾਗੂ ਨਹੀਂ ਕਰ ਰਹੀ। ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਮੋਹਾਲੀ ਸੂਬਾਈ ਰੈਲੀ ਤੇ ਰੋਸ ਮਾਰਚ ਵਿਚ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ(ਰਜਿ) ਦੇ ਪ੍ਰਧਾਨ ਕਰਮ ਸਿੰਘ ਧਨੋਆ ਤੇ ਜਨਰਲ ਸਕੱਤਰ ਕੁਲਵਰਨ ਸਿੰਘ ਦੀ ਅਗਵਾਈ ਵਿਚ ਪੰਜਾਬ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੈਨਸ਼ਨਰ ਸ਼ਾਮਲ ਹੋਏ। ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਵੱਲੋਂ ਪ੍ਰਧਾਨ ਮੋਹਣ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖਟਕੜ, ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ, ਕੇਕੇ ਪਾਂਡੇ, ਰਤਨ ਸਿੰਘ ਗੁਰਾਇਆ, ਬਲਵਿੰਦਰ ਕੁਮਾਰ, ਮਾਸਟਰ ਜੋਗਿੰਦਰ ਸਿੰਘ, ਬਲਬੀਰ ਸਿੰਘ ਕੂਨਰ, ਹਰੀ ਰਾਮ ਚੋਟ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।