ਬਾਰਿਸ਼ ਨਾਲ ਜਲਥਲ ਹੋਇਆ ਫਗਵਾੜਾ
ਬਾਰਿਸ਼ ਨਾਲ ਜਲ ਥਲ ਹੋਇਆ ਫਗਵਾੜਾ
Publish Date: Fri, 23 Jan 2026 06:45 PM (IST)
Updated Date: Fri, 23 Jan 2026 06:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਬਾਰਿਸ਼ ਹੁੰਦੇ ਸਾਰ ਫਗਵਾੜਾ ਸ਼ਹਿਰ ਜਲਥਲ ਹੋ ਹੀ ਜਾਂਦਾ ਹੈ। ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਤੇ ਤੇਜ਼ ਹਨੇਰੀ ਨਾਲ ਜਿਥੇ ਕੋਈ ਅਣਸੁਖਾਵੀਂ ਘਟਨਾ ਤਾਂ ਨਹੀਂ ਵਾਪਰੀ ਪਰ ਫਗਵਾੜਾ ਸ਼ਹਿਰ ਜਰੂਰ ਜਲਥਲ ਹੋਇਆ ਦਿਖਾਈ ਦਿੱਤਾ। ਫਗਵਾੜਾ ਸ਼ਹਿਰ ਦੇ ਪੌਸ਼ ਇਲਾਕੇ ਅਰਬਨ ਅਸਟੇਟ, ਪਟੇਲ ਨਗਰ, ਬੱਸ ਸਟੈਂਡ ਫਗਵਾੜਾ, ਗਊਸ਼ਾਲਾ ਬਾਜ਼ਾਰ ਆਦਿ ਵਿਚ ਕਾਫੀ ਦੇਰ ਪਾਣੀ ਭਰਿਆ ਰਿਹਾ। ਆਮ ਆਦਮੀ ਪਾਰਟੀ ਦੇ ਬਦਲਾਅ ’ਤੇ ਫਗਵਾੜਾ ਵਾਸੀਆਂ ਨੇ ਜ਼ਰੂਰ ਭਰੋਸਾ ਕੀਤਾ ਸੀ ਕਿ ਫਗਵਾੜਾ ਸ਼ਹਿਰ ’ਚ ਭਰਦੇ ਪਾਣੀ ਦੀ ਸਮੱਸਿਆ ਦਾ ਜਲਦ ਕੋਈ ਹੱਲ ਹੋ ਜਾਵੇਗਾ ਪਰ ਚਾਰ ਸਾਲ ਬੀਤ ਜਾਣ ਪਿੱਛੋਂ ਵੀ ਫਗਵਾੜਾ ਸ਼ਹਿਰ ਦੇ ਲਗਭਗ ਸਾਰੇ ਹੀ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਬਾਰਿਸ਼ ਦੇ ਦਿਨਾਂ ਵਿਚ ਆਮ ਦੇਖੀ ਜਾ ਸਕਦੀ ਹੈ। ਨਗਰ ਨਿਗਮ ਫਗਵਾੜਾ ਤੋਂ ਤਾਂ ਕੋਈ ਉਮੀਦ ਹੀ ਨਹੀਂ ਲਗਾਈ ਜਾ ਸਕਦੀ ਕਿ ਉਹ ਸ਼ਹਿਰ ਵਾਸੀਆਂ ਦੀ ਕਿਸੇ ਸਮੱਸਿਆ ਦਾ ਹੱਲ ਵੀ ਕਰੇਗੀ। ਬਹਿਰਹਾਲ ਫਗਵਾੜਾ ਵਾਸੀਆਂ ਦੀ ਕਿਸਮਤ ਵਿਚ ਭਰਿਆ ਬਾਰਿਸ਼ ਦਾ ਪਾਣੀ ਜਿਉਂ ਦਾ ਤਿਉਂ ਹਮੇਸ਼ਾ ਦੀ ਤਰ੍ਹਾਂ ਮੌਜੂਦ ਹੈ।