ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਵੈੱਟਲੈਂਡ ਦਿਵਸ
ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਵੈਟਲੈਂਡ ਦਿਵਸ
Publish Date: Tue, 10 Feb 2026 07:44 PM (IST)
Updated Date: Tue, 10 Feb 2026 07:47 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਵੈੱਟਲੈਂਡ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਕੇਕੇ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸੋਸੀਏਸ਼ਨ ਦੇ ਸਕੱਤਰ ਮਲਕੀਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿਚ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੇ ਸ਼ਾਲਨੀ ਉਡਿਅਨ ਗਰੁੱਪ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਦੌਰਾਨ ਸਕੂਲ ਤੇ ਗਰੁੱਪ ਦੇ ਕਰੀਬ 40 ਵਿਦਿਆਰਥੀਆਂ ਦੇ ਨਾਲ ਕਾਂਜਲੀ ਜਲਗਾਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਮਾਸਟਰ ਗੁਰਮੀਤ ਸਿੰਘ ਨੇ ਜਲਗਾਹਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਜਲਗਾਹਾਂ ਦਾ ਇਨਸਾਨੀ ਜੀਵਨ ਵਿਚ ਕੀ ਮਹੱਤਵ ਹੈ। ਉਨ੍ਹਾਂ ਕਿਹਾ ਕਿ ਜਲਗਾਹਾਂ ਜੈਵਿਕ ਵਿਭਿੰਨਤਾ, ਹੜ੍ਹਾਂ ਦੇ ਪ੍ਰਭਾਵ ਨੂੰ ਘੱਟ ਕਰਨ, ਜ਼ਮੀਨ ਹੇਠਲੇ ਪੀਣ ਵਾਲੇ ਪਾਣੀ ਦੇ ਪੱਧਰ ਨੂੰ ਉੱਚਾ ਰੱਖਣ ‘ਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ ਤੇ ਪਿੰਡਾਂ ਵਿਚਲੇ ਪੂਰ ਦਿੱਤੇ ਗਏ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਵੀ ਸਰਕਾਰ ਤੋਂ ਕੀਤੀ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਬਗੀਚੇ ਵਿਚ ਵੱਖ-ਵੱਖ ਕਿਸਮਾਂ ਦੇ ਫਲ, ਫੁੱਲ ਤੇ ਦਰਖ਼ਤਾਂ ਤੋਂ ਇਲਾਵਾ ਕੁਦਰਤੀ ਜਲਗਾਹਾਂ, ਜਿਨ੍ਹਾਂ ਵਿਚ ਵਿਚਰਦੇ ਵੱਖ-ਵੱਖ ਕਿਸਮਾਂ ਦੇ ਪੰਛੀ ਤੇ ਕੀੜੇ-ਮਕੌੜੇ ਜਿਥੇ ਵਾਤਾਵਰਣ ਨੂੰ ਖੂਬਸੂਰਤ ਬਣਾਉਂਦੇ ਹਨ, ਉੱਥੇ ਹੀ ਜੈਵਿਕ ਵਿਭਿੰਨਤਾ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੇ ਹਨ। ਉਨ੍ਹਾਂ ਨੇ ਸਹਿਯੋਗ ਲਈ ਆਰਿਆ ਮਾਡਲ ਸਕੂਲ ਦੇ ਪ੍ਰਬੰਧਕ ਸੁਰਿੰਦਰ ਚੋਪੜਾ, ਪ੍ਰਿੰਸੀਪਲ ਮੋਨਿਕਾ ਸੱਭਰਵਾਲ, ਸਲਾਹਕਾਰ ਨੀਲਮ ਪਸਰੀਚਾ, ਸ਼ਾਲਨੀ ਗਰੁੱਪ ਦੇ ਕੋਆਰਡੀਨੇਟਰ ਮੈਡਮ ਮੋਨਿਕਾ, ਕਾਂਜਲੀ ਜਲਗਾਹ ਦੇ ਪ੍ਰਬੰਧਕਾਂ, ਵਣ ਵਿਭਾਗ ਦੇ ਕਰਮਚਾਰੀ ਤੀਰਥ ਸਿੰਘ ਸਮੇਤ ਹੋਰਨਾਂ ਦਾ ਧੰਨਵਾਦ ਕੀਤਾ।