ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
Publish Date: Sun, 07 Jun 2026 06:47 PM (IST)
Updated Date: Sun, 07 Jun 2026 06:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵੱਲੋਂ ਸ਼ਾਲਨੀ ਉਡਿਅਨ ਗਰੁੱਪ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਕੇਕੇ ਸਰਦਾਨਾ ਦੀ ਸਰਪ੍ਰਸਤੀ ਤੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਉਪਰੰਤ ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਯੂਐੱਨਓ ਦੀ ਅਪੀਲ ‘ਤੇ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਸਮਾਗਮ ਦੇ ਥੀਮ ‘ਪ੍ਰਕਿਰਤੀ ਤੋਂ ਪੇ੍ਰਰਿਤ, ਜਲਵਾਯੂ ਸਾਡੇ ਭਵਿੱਖ ਲਈ’ ਬਾਰੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਵੱਡੇ ਪੱਧਰ ‘ਤੇ ਉਦਯੋਗੀਕਰਨ ਤੇ ਸ਼ਹਿਰੀਕਰਨ ਦੇ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਜਿਸ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ ਤੇ ਕਦੇ ਸੋਕਾ ਪੈਂਦਾ ਹੈ ਤੇ ਕਦੇ ਹੜ੍ਹ ਆ ਜਾਂਦੇ ਹਨ। ਗਲੇਸ਼ੀਅਰ ਪਿਘਲ ਰਹੇ ਹਨ ਤੇ ਸਮੁੰਦਰਾਂ ‘ਚ ਪਾਣੀ ਦੀ ਸਤਿਹ ਉੱਚੀ ਹੋ ਰਹੀ ਹੈ, ਜਿਸ ਨਾਲ ਮਨੁੱਖੀ ਜੀਵਨ ਨੂੰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਪਰਵਰਿਸ਼ ਕਰਨ ਤੇ ਹਵਾ-ਪਾਣੀ ਨੂੰ ਦੂਸ਼ਿਤ ਨਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਰਿਟਾ. ਹੈੱਡ ਮਾਸਟਰ ਨਰੇਸ਼ ਕੋਹਲੀ ਨੇ ਵਾਤਾਵਰਣ ਕੀ ਹੈ ਤੇ ਇਹ ਕਿਸ ਤਰ੍ਹਾਂ ਦੂਸ਼ਿਤ ਹੁੰਦਾ ਹੈ, ਜਿਸ ਨਾਲ ਜੀਵਨ ‘ਤੇ ਮਾੜਾ ਪ੍ਰਭਾਵ ਪੈਂਦਾ ਹੈ, ਬਾਰੇ ਵਢਮੁੱਲੇ ਵਿਚਾਰ ਸਾਂਝੇ ਕੀਤੇ। ਸਵੱਛ ਭਾਰਤ ਮਿਸ਼ਨ ਦੇ ਪ੍ਰਤੀਨਿਧ ਸੁਨੀਤਾ ਸ਼ਰਮਾ ਤੇ ਆਸ਼ਾ ਰਾਣੀ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਤੇ ਇਸ ਨੁਕਸਾਨ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕੱਪੜੇ ਦੇ ਥੈਲੇ ਦਾ ਇਸਤੇਮਾਲ ਕਰਨ ਦਾ ਸੰਦੇਸ਼ ਵੀ ਦਿੱਤਾ। ਸ਼ਾਲਨੀ ਗਰੁੱਪ ਦੇ ਵਿਦਿਆਰਥੀਆਂ ਨੇ ਕੋਆਰਡੀਨੇਟਰ ਆਂਚਲ ਦੀ ਅਗਵਾਈ ਹੇਠ ਚਰਚਾ ਵਿਚ ਹਿੱਸਾ ਲਿਆ। ਲੇਖਕ ਮਹਿੰਦਰ ਸਿੰਘ ਸੋਢੀ ਨੇ ਵਾਤਾਵਰਣ ਸੰਭਾਲ ਦੇ ਸੁਝਾਅ ਦਿੱਤੇ ਤੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਮਿਸਟਰ ਨਵੀਨ ਨੇ ਵਾਤਾਵਰਣ ਦੇ ਸਬੰਧ ਵਿਚ ਵਢਮੁੱਲੇ ਵਿਚਾਰ ਪੇਸ਼ ਕਰਦੇ ਹੋਏ ਪਾਵਰ ਪੁਆਇੰਟ ਪ੍ਰੈਜੇਨਟੇਸ਼ਨ ਤੇ ਡਾਕਿਉਮੈਂਟਰੀ ਫਿਲਮਾਂ ਰਾਹੀਂ ਹਾਜ਼ਰੀਨ ਦੇ ਗਿਆਨ ਵਿਚ ਵਾਧਾ ਕੀਤਾ ਤੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਕਿਉਂ ਜ਼ਰੂਰੀ ਹੈ। ਇਸ ਮੌਕੇ ਮੋਹਨ ਲਾਲ ਤਨੇਜਾ, ਰੂਪ ਲਾਲ, ਸੁਧਾ ਬੇਦੀ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।