ਫਗਵਾੜਾ ਬਣ ਸਕਦੀ ਹੈ ਪੰਜਾਬ ਦੀ ਸਭ ਤੋਂ ਹੌਟ ਸੀਟ
ਫਗਵਾੜਾ ਬਣ ਸਕਦਾ ਹੈ ਪੰਜਾਬ ਦੀ ਸਭ ਤੋਂ ਹੌਟ ਸੀਟ, 2027 ਵਿੱਚ ਪੰਜ ਸਿਆਸੀ ਦਿੱਗਜਾਂ ਦੇ ਟਕਰਾਅ ਦੇ ਆਸਾਰ
Publish Date: Mon, 01 Jun 2026 08:40 PM (IST)
Updated Date: Mon, 01 Jun 2026 09:13 PM (IST)

2027 ’ਚ ਪੰਜ ਸਿਆਸੀ ਦਿੱਗਜਾਂ ਦੇ ਟਕਰਾਅ ਦੇ ਆਸਾਰ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਹਾਲੇ ਸ਼ੁਰੂਆਤੀ ਪੜਾਅ ਵਿਚ ਹਨ, ਪਰ ਫਗਵਾੜਾ ਵਿਧਾਨ ਸਭਾ ਹਲਕਾ ਹੁਣ ਤੋਂ ਹੀ ਸਿਆਸੀ ਚਰਚਾ ਦਾ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਫਗਵਾੜਾ ਪੰਜਾਬ ਦੀ ਸਭ ਤੋਂ ਹੌਟ ਤੇ ਵੱਕਾਰੀ ਸੀਟ ਵਜੋਂ ਉਭਰ ਸਕਦੀ ਹੈ, ਜਿਥੇ ਪੰਜ ਵੱਡੇ ਸਿਆਸੀ ਦਿੱਗਜਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਫਗਵਾੜਾ ਹਲਕੇ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਥੋਂ ਜਿੱਤ ਹਾਸਲ ਕਰਨ ਵਾਲੇ ਕਈ ਆਗੂ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਤੇ ਅਹਿਮ ਅਹੁਦਿਆਂ ਤੱਕ ਪਹੁੰਚੇ ਹਨ। ਇਸੇ ਕਾਰਨ ਹਰ ਵੱਡੀ ਸਿਆਸੀ ਪਾਰਟੀ ਇਸ ਹਲਕੇ ਨੂੰ ਆਪਣੇ ਲਈ ਇੱਜਤ ਦਾ ਸਵਾਲ ਮੰਨਦੀ ਹੈ। ਸੂਤਰਾਂ ਮੁਤਾਬਕ ਸੱਤਾਧਾਰੀ ਤੇ ਵਿਰੋਧੀ ਧਿਰਾਂ ਦੇ ਕਈ ਪ੍ਰਭਾਵਸ਼ਾਲੀ ਚਿਹਰੇ ਫਗਵਾੜਾ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਤੇ ਵਿਚਾਰ ਕਰ ਰਹੇ ਹਨ। ਇਸ ਕਾਰਨ ਹਲਕੇ ਵਿਚ ਸਿਆਸੀ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ ਤੇ ਵੱਖ-ਵੱਖ ਪਾਰਟੀਆਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁੱਟੀਆਂ ਹੋਈਆਂ ਹਨ। ਸੂਤਰਾਂ ਦਾ ਮੰਨਣਾ ਹੈ ਕਿ ਫਗਵਾੜਾ ਦੀ ਚੋਣ ਸਿਰਫ਼ ਇਕ ਵਿਧਾਨ ਸਭਾ ਹਲਕੇ ਦੀ ਲੜਾਈ ਨਹੀਂ ਹੋਵੇਗੀ, ਸਗੋਂ ਦੋਆਬੇ ਦੇ ਸਿਆਸੀ ਮੂਡ ਤੇ ਪੰਜਾਬ ਦੀ ਭਵਿੱਖੀ ਰਾਜਨੀਤੀ ਦਾ ਸੰਕੇਤ ਵੀ ਦੇਵੇਗੀ। ਸ਼ਹਿਰੀ ਤੇ ਪੇਂਡੂ ਵੋਟਰਾਂ ਦੇ ਮਿਲੇ-ਜੁਲੇ ਸਮੀਕਰਨਾਂ ਕਾਰਨ ਇਹ ਹਲਕਾ ਹਰ ਪਾਰਟੀ ਲਈ ਚੁਣੌਤੀਪੂਰਨ ਬਣਿਆ ਰਹਿੰਦਾ ਹੈ। ਚੋਣਾਂ ਵਿਚ ਹਾਲੇ ਸਮਾਂ ਬਾਕੀ ਹੈ, ਪਰ ਸਿਆਸੀ ਹਲਕਿਆਂ ਵਿਚ ਇਹ ਗੱਲ ਜ਼ੋਰਾਂ ਤੇ ਹੈ ਕਿ ਜੇਕਰ ਸੰਭਾਵਿਤ ਉਮੀਦਵਾਰ ਮੈਦਾਨ ਵਿਚ ਉਤਰਦੇ ਹਨ ਤਾਂ ਫਗਵਾੜਾ 2027 ਦੀਆਂ ਚੋਣਾਂ ਦੀ ਸਭ ਤੋਂ ਵੱਡੀ ਤੇ ਸਭ ਤੋਂ ਵੱਧ ਚਰਚਿਤ ਜੰਗ ਦਾ ਗਵਾਹ ਬਣ ਸਕਦਾ ਹੈ। ਆਉਣ ਵਾਲੇ ਮਹੀਨਿਆਂ ਵਿਚ ਪਾਰਟੀਆਂ ਦੀਆਂ ਰਣਨੀਤੀਆਂ ਤੇ ਉਮੀਦਵਾਰਾਂ ਦੇ ਐਲਾਨ ਇਸ ਸੀਟ ਦੀ ਸਿਆਸੀ ਤਸਵੀਰ ਹੋਰ ਸਪੱਸ਼ਟ ਕਰਨਗੇ। ਭਾਜਪਾ ਦੇ ਦੋਵੇਂ ਧੜਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ਼ੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਕੈਂਥ ਵੀ ਸੰਭਾਵੀ ਦਾਅਵੇਦਾਰਾਂ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਦੂਜੇ ਪਾਸੇ, ਕਾਂਗਰਸ ਪਾਰਟੀ ਤੋਂ ਦੋ ਵਾਰ ਦੇ ਜੇਤੂ ਵਿਧਾਇਕ ਬਲਵਿੰਦਰ ਸਿੰਘ ਦਾ ਨਾਮ ਵੀ ਚਰਚਾ ਵਿਚ ਹੈ, ਜੋ ਆਪਣੇ ਤਜਰਬੇ ਤੇ ਜਨਅਧਾਰ ਦੇ ਦਮ ਤੇ ਚੋਣ ਦੌੜ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜੇਕਰ ਬਹੁਜਨ ਸਮਾਜ ਪਾਰਟੀ ਬਿਨਾਂ ਕਿਸੇ ਪਾਰਟੀ ਨਾਲ ਸਮਝੌਤੇ ਕੀਤੇ ਇਕੱਲੇ ਚੋਣ ਲੜਦੀ ਹੈ ਤੇ ਐਡਵੋਕੇਟ ਕੁਲਦੀਪ ਭੱਟੀ ਨੂੰ ਸੰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਵਿਵਹਾਰ ਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਅਣਗੋਲਿਆਂ ਨਹੀ ਕੀਤਾ ਜਾ ਸਕਦਾ। ਜਦਕਿ ਆਮ ਆਦਮੀ ਪਾਰਟੀ ਵੱਲੋਂ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਚੋਣ ਲੜਨ ਲਈ ਪਹਿਲਾਂ ਹੀ ਥਾਪੜਾ ਦੇ ਦਿੱਤਾ ਗਿਆ ਹੈ। ਪਾਰਟੀ ਵਰਕਰਾਂ ਤੇ ਸਮਰਥਕਾਂ ਵਿਚ ਇਸ ਗੱਲ ਨੂੰ ਲੈ ਕੇ ਕਾਫ਼ੀ ਉਤਸੁਕਤਾ ਹੈ ਕਿ ਆਖ਼ਿਰਕਾਰ ਪਾਰਟੀਆਂ ਕਿਸ ਉਮੀਦਵਾਰ ਤੇ ਦਾਅ ਖੇਡਣਗੀਆਂ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਫਗਵਾੜਾ ਹਲਕੇ ਵਿਚ 2027 ਦੀ ਚੋਣ ਦਿਲਚਸਪ ਤੇ ਮੁਕਾਬਲੇਬਾਜ਼ ਹੋ ਸਕਦੀ ਹੈ, ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਤਜਰਬੇਕਾਰ ਤੇ ਪ੍ਰਭਾਵਸ਼ਾਲੀ ਚਿਹਰੇ ਮੈਦਾਨ ਵਿਚ ਉਤਰ ਸਕਦੇ ਹਨ। ਹਾਲਾਂਕਿ, ਆਮ ਆਦਮੀ ਪਾਰਟੀ ਛੱਡਕੇ ਹੋਰ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਅਧਿਕਾਰਤ ਤੌਰ ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸਾਰੇ ਨਾਮ ਸਿਆਸੀ ਚਰਚਾਵਾਂ ਤੇ ਸੰਭਾਵਨਾਵਾਂ ਦੇ ਆਧਾਰ ਤੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੀ ਚੋਣ ਮੈਦਾਨ ਵਿਚ ਨਿਤਰਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਪਾਰਟੀ ਦੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜਖੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਆਪਣਾ ਉਮੀਦਵਾਰ ਉਤਾਰੇਗੀ। ਜੇਕਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਨਹੀ ਹੁੰਦਾ ਤਾਂ ਇਸ ਦਾ ਸਿੱਧਾ ਲਾਭ ਆਪ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਪਿੰਡਾਂ ਵਿਚ ਦਬਦਬਾ ਰਿਹਾ ਹੈ ਤੇ ਸ਼ਹਿਰ ਵਿਚ ਭਾਜਪਾ ਦੀ ਪਕੜ ਹੋਣ ਕਾਰਣ ਇਹ ਦੋਵੇਂ ਪਾਰਟੀਆਂ ਦਾ ਸਾਂਝਾ ਉਮੀਦਵਾਰ ਵੱਡੀ ਲੀਡ ਨਾਲ ਜਿੱਤਦਾ ਰਿਹਾ ਹੈ। ਫਗਵਾੜਾ ਤੋਂ ਪਹਿਲਾਂ ਕਈ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਮੌਜੂਦਾ ਚੇਅਰਮੈਨ ਜਰਨੈਲ ਨੰਗਲ ਨੂੰ ਪਹਿਲਾਂ ਫਿਲੌਰ ਤੋਂ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੇਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਉੱਥੇ ਕਿਸੇ ਹੋਰ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਜਰਨੈਲ ਨੰਗਲ ਪਾਰਟੀ ਨਾਲ ਜੁੜੇ ਰਹਿ ਕੇ ਫਗਵਾੜਾ ਵਿਖੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਥ ਮਜ਼ਬੂਤ ਕਰਦੇ ਹਨ ਜਾਂ ਹੋਰ ਕਿਸੇ ਪਾਰਟੀ ਵਿਚ ਸ਼ਾਮਲ ਹੋ ਕੇ ਚੋਣ ਲੜਦੇ ਹਨ। ਇਹ ਵੀ ਆਉਣ ਵਾਲੇ ਸਮੇਂ ਵਿਚ ਦੇਖਣਾ ਦਿਲਚਸਪ ਹੋਵੇਗਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਐਲਾਨੇ ਗਏ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਸਪੁੱਤਰ ਹਰਨੂਰ ਸਿੰਘ ਹਰਜੀਮਾਨ ਨੂੰ ਵੀ ਹਲਕਾ ਇੰਚਾਰਜ ਤੋਂ ਹਟਾਇਆ ਗਿਆ। ਹੁਣ ਉਹ ਹੋਰ ਕਿਸੇ ਪਾਰਟੀ ਵਿੱਚ ਜਾ ਕੇ ਚੋਣ ਲੜਨਗੇ ਜਾਂ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਕਿਉਂਕਿ ਹਰਨੂਰ ਸਿੰਘ ਹਰਜੀਮਾਨ ਇਕ ਨੌਜਵਾਨ ਚਿਹਰਾ ਹੈ ਤੇ ਉਨ੍ਹਾਂ ਅੱਗੇ ਰਾਜਨੀਤੀ ਦਾ ਸਾਰਾ ਭਵਿੱਖ ਪਿਆ ਹੈ ਤੇ ਉਨ੍ਹਾਂ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਦਾ ਤਜਰਬਾ ਵੀ ਉਨ੍ਹਾਂ ਦੇ ਨਾਲ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਫਗਵਾੜਾ ਦਾ ਸਿਆਸੀ ਘਮਸਾਨ ਵਧਦਾ ਹੀ ਜਾਵੇਗਾ ਤੇ ਫਗਵਾੜਾ ਦੇ ਵੋਟਰ ਕਿਸ ਪਾਸੇ ਵੱਲ ਜਾਂਦੇ ਹਨ, ਇਹ ਚੋਣਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉੱਧਰ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹ ਫਗਵਾੜਾ ਵਿਧਾਨ ਸਭਾ ਤੋ ਭਾਜਪਾ ਵੱਲੋਂ ਚੋਣ ਲੜਨਗੇ ਤੇ ਦੂਜੇ ਪਾਸੇ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੋਮ ਪ੍ਰਕਾਸ਼ ਕੈਂਥ ਧੜੇ ਦੀ ਪਿੱਠ ਥਾਪੜੀ ਹੈ ਤੇ 2027 ਵਿਧਾਨ ਸਭਾ ਚੋਣਾਂ ਲਈ ਤਿਆਰ ਹੋਣ ਲਈ ਕਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਦੋਵਾਂ ਵਿਚੋਂ ਭਾਜਪਾ ਪਾਰਟੀ ਕਿਸ ਨੂੰ ਆਪਣਾ ਉਮੀਦਵਾਰ ਐਲਾਨੇਗੀ। ਭਾਜਪਾ ਦਾ ਹਮੇਸ਼ਾ ਫਗਵਾੜਾ ਅੰਦਰ ਦਬਦਬਾ ਰਿਹਾ ਹੈ ਪਰ ਹੁਣ ਆਉਣ ਵਾਲਾ ਸਮਾਂ ਕਿਸ ਪਾਸੇ ਕਰਵਟ ਲਵੇਗਾ ਇਹ ਦੇਖਣਾ ਦਿਲਚਸਪ ਹੋਵੇਗਾ। 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਪੂਰੇ ਪੰਜਾਬ ਅੰਦਰ ਚੱਲ ਰਹੀ ਸੀ ਪਰ ਦੁਆਬਾ ਕਾਫੀ ਕਮਜ਼ੋਰ ਰਿਹਾ ਤੇ ਵਿਧਾਨ ਸਭਾ ਹਲਕਾ ਫਗਵਾੜਾ ਵਿਚ ਵੀ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ ਦੂਜੀ ਵਾਰ ਬਾਜ਼ੀ ਮਾਰੀ ਤੇ ਹੁਣ ਡਾ. ਰਾਜ ਕੁਮਾਰ ਚੱਬੇਵਾਲ ਤੇ ਦਲਜੀਤ ਰਾਜੂ ਦੀ ਜੋੜੀ ਕੀ ਕਮਾਲ ਕਰਕੇ ਦਿਖਾਏਗੀ ਇਹ ਦੇਖਣਾ ਵੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਦੀ ਸ਼ਹਿਰ ਦੇ ਲੋਕਾਂ ਨਾਲ ਨੇੜਤਾ ਤੇ ਪਿੰਡਾਂ ਵਿਚ ਆਉਣ-ਜਾਣ ਦੇ ਨਾਲ ਦਲਜੀਤ ਰਾਜੂ ਦਰਵੇਸ਼ ਪਿੰਡ ਦਾ ਪਿੰਡਾਂ ਵਿਚ ਵਧੀਆ ਰਸੂਖ ਚੱਬੇਵਾਲ ਲਈ ਪਲੱਸ ਪੁਆਇੰਟ ਬਣ ਕੇ ਉਭਰੇਗਾ ਤੇ ਹੋਰ ਪਾਰਟੀਆਂ ਲਈ ਆਮ ਆਦਮੀ ਪਾਰਟੀ ਨੂੰ ਇਸ ਵਾਰ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਹਰਾਉਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਜੇ ਪਾਰਟੀ ਵਿਚ ਬੈਠੇ ਕੁਝ ਮੌਕਾਪ੍ਰਸਤ, ਸਿਆਸੀ ਗਿਰਗਿਟਾਂ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਦੀ ਜਿੱਤ ਦੀ ਯਾਤਰਾ ਨੂੰ ਗੁਮਰਾਹ ਨਾ ਕੀਤਾ ਗਿਆ ਤਾਂ ਇਸ ਵਾਰ ਉਹ ਫਗਵਾੜਾ ਵਿਚ ਬਾਜ਼ੀ ਮਾਰ ਸਕਦੇ ਹਨ।