- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਣੀ ਆਬਾਦੀ ਵਾਲੇ ਇਲਾਕੇ ਦੇ ਨੇੜੇ ਪਲਟਿਆ ਪੈਟਰੋਲ ਅਤੇ ਡੀਜਲ ਵਾਲਾ ਟੈਂਕਰ

--ਸਿਵਲ ਤੇ ਪੁਲਿਸ ਪ੍ਰਸਾਸ਼ਨ ਦੀ ਮੁਸਤੈਦੀ ਨਾਲ ਵੱਡਾ ਹਾਦਸਾ ਟਲਿਆ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਸ਼ੁੱਕਰਵਾਰ ਦੁਪਹਿਰ ਨਵੀਂ ਦਾਣਾ ਮੰਡੀ ਦੇ ਡਬਲ ਰੋਡ ’ਤੇ ਰਾਜਸਥਾਨੀਆਂ ਦੀ ਕਲੋਨੀ ਦੇ ਨਜ਼ਦੀਕ ਇਕ ਪੈਟਰੋਲ ਅਤੇ ਡੀਜ਼ਲ ਨਾਲ ਭਰਿਆ ਟੈਂਕਰ ਪਲਟ ਗਿਆ। ਟੈਂਕਰ ਪਲਟਣ ਤੋਂ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਟੈਂਕਰ ਵਿਚੋਂ ਤੇਲ ਲੀਕ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ ਪਰ ਇਸਦੇ ਬਾਵਜੂਦ ਵੀ ਕੁਝ ਲਾਲਚੀ ਲੋਕ ਆਪਣੀ ਜਾਨ ਜੋਖਮ ਵਿਚ ਪਾ ਕੇ ਟੈਂਕਰ ਵਿਚੋਂ ਲੀਕ ਹੋ ਰਹੇ ਤੇਲ ਦੀਆਂ ਬਾਲਟੀਆਂ ਭਰਨ ਵਿਚ ਲੱਗ ਗਏ, ਜਿਨ੍ਹਾਂ ਵਿਚ ਬੱਚੇ, ਬਜ਼ੁਰਗ ਤੇ ਮਹਿਲਾਵਾਂ ਵੀ ਸ਼ਾਮਲ ਸਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਸਖ਼ਤੀ ਨਾਲ ਹਟਾਇਆ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਡੀਐੱਸਪੀ ਡਾ. ਸ਼ੀਤਲ ਸਿੰਘ, ਐੱਸਐੱਚਓ ਸਦਰ ਪ੍ਰਭਜੋਤ ਕੌਰ, ਪੀਸੀਆਰ ਇੰਚਾਰਜ ਚਰਨਜੀਤ ਖੈੜਾ ਸਮੇਤ ਹੋਰ ਅਧਿਕਾਰੀ ਭਾਰੀ ਪੁਲਿਸ ਫੌਰਸ ਸਮੇਤ ਮੌਕੇ ’ਤੇ ਪਹੁੰਚੇ ਤੇ ਕਰੀਬ 1 ਕਿਲੋਮੀਟਰ ਦੇ ਆਸਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤੇ ਨੇੜੇ ਦੇ ਘਰਾਂ ਵਾਲਿਆਂ ਨੂੰ ਵੀ ਸੇਫ਼ ਜਗ੍ਹਾ ’ਤੇ ਜਾਣ ਲਈ ਕਿਹਾ ਗਿਆ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਡੀਐੱਸਪੀ ਸ਼ੀਤਲ ਸਿੰਘ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ, ਐਂਬੂਲੈਂਸ ਨੂੰ ਵੀ ਬੁਲਾਇਆ ਗਿਆ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਕਰੀਬ 10-11 ਵਜੇ ਇਕ ਟੈਂਕਰ ਪੀਬੀ 08-7243 ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਦੋਂ ਉਸਦਾ ਡਰਾਈਵਰ ਮੋੜ ਮੋੜਨ ਲੱਗਾ ਤਾਂ ਉਹ ਆਪਣਾ ਸੰਤੁਲਨ ਗੁਆ ਬੈਠਾ ਤੇ ਟੈਂਕਰ ਪਲਟ ਗਿਆ ਤੇ ਉਸ ਵਿਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਮੌਕੇ ’ਤੇ ਪੁੱਜੇ ਹਿੰਦੁਸਤਾਨ ਪੈਟਰੋਲੀਅਮ ਦੇ ਕਰਮਚਾਰੀਆਂ ਨੇ ਕਿਹਾ ਕਿ ਜੋ ਟੈਂਕਰ ਪਲਟਿਆ ਹੈ ਉਸਦਾ ਡਰਾਈਵਰ ਮਨੋਜ ਸੀ ਤੇ ਉਹ ਜਲੰਧਰ ਤੋਂ ਖਾਲੂ ਨੂੰ ਤੇਲ ਲੈ ਕੇ ਜਾ ਰਿਹਾ ਸੀ। ਇਸ ਵਿਚ 12 ਹਜ਼ਾਰ ਲੀਟਰ ਦੇ ਕਰੀਬ ਡੀਜ਼ਲ ਤੇ ਪੈਟਰੋਲ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵੀ ਗੱਡੀ ਉਨ੍ਹਾਂ ਦੇ ਸਟੇਸ਼ਨ ਤੋਂ ਤੇਲ ਲੈ ਕੇ ਕਿਸੇ ਪੰਪ ਲਈ ਰਵਾਨਾ ਹੁੰਦੀ ਹੈ ਤਾਂ ਉਸਦਾ ਬਕਾਇਦਾ ਰੋਡ ਮੈਪ ਤਿਆਰ ਕੀਤਾ ਜਾਂਦਾ ਹੈ ਤੇ ਗੱਡੀ ਚਾਲਕ ਨੇ ਉਸੇ ਹੀ ਰੋਡ ਮੈਪ ’ਤੇ ਜਾਣਾ ਹੁੰਦਾ ਹੈ। ਇਹ ਡਰਾਈਵਰ ਵੀ ਇਸੇ ਰੂਟਮ ਮੈਪ ’ਤੇ ਚੱਲ ਰਿਹਾ ਸੀ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਐੱਸਡੀਐੱਮ ਡਾ. ਇਰਵਿਨ ਕੌਰ ਵੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਵੱਲੋਂ ਵੀ ਘਟਨਾ ਸਥਾਨ ਦਾ ਮੌਕਾ ਮੁਆਇਨਾ ਕੀਤਾ ਗਿਆ ਤੇ ਉਨ੍ਹਾਂ ਦੀ ਮੌਜੂਦਗੀ ਵਿਚ ਟੈਂਕਰ ਨੂੰ ਕਰੇਨ ਦੇ ਨਾਲ ਸਿੱਧਾ ਕਰਕੇ ਇਕ ਖਾਲੀ ਜਗ੍ਹਾ ’ਤੇ ਖੜ੍ਹਾ ਕਰ ਦਿੱਤਾ ਗਿਆ, ਜਿਥੇ ਸਬੰਧਤ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਟੈਂਕਰ ਵਿਚ ਜੋ ਵੀ ਤੇਲ ਬਚਿਆ ਹੈ,ਉਸ ਨੂੰ ਦੂਜੀਆਂ ਗੱਡੀਆਂ ਵਿਚ ਸ਼ਿਫ਼ਟ ਕਰਕੇ ਇਸ ਟੈਂਕਰ ਨੂੰ ਖਾਲੀ ਕਰ ਦਿੱਤਾ ਜਾਵੇਗਾ।