ਪਿੰਡ ਹੁਸੈਨਪੁਰ ਦੂਲੋਵਾਲ ਦੇ ਲੋਕ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਤੋਂ ਪਰੇਸ਼ਾਨ
ਪਿੰਡ ਹੁਸੈਨਪੁਰ ਦੂਲੋਵਾਲ ਦੇ ਲੋਕ ਸੜਕਾਂ ਵਿਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ
Publish Date: Mon, 02 Mar 2026 09:33 PM (IST)
Updated Date: Mon, 02 Mar 2026 09:34 PM (IST)

ਲਖਵੀਰ ਸਿੰਘ ਲੱਖੀ,ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਬਾਰੇ ਦਿੱਤੇ ਜਾਂਦੇ ਝੂਠੇ ਬਿਆਨਾਂ ਦੀ ਉਸ ਸਮੇਂ ਫੂਕ ਨਿਕਲ ਜਾਂਦੀ ਹੈ, ਜਦੋਂ ਪਿੰਡਾਂ ਦੇ ਲੋਕ ਗੰਦੇ ਪਾਣੀ ਵਿਚੋਂ ਲੰਘਣ ਲਈ ਮਜ਼ਬੂਰ ਹੁੰਦੇ ਹਨ। ਅਜਿਹੀ ਸਥਿਤੀ ਨਾਲ ਜੂਝ ਰਹੇ ਪਿੰਡ ਬਸਤੀ ਹੁਸੈਨਪੁਰ ਦੂਲੋਵਾਲ ਦੇ ਵਿਸ਼ਾਲ ਨਾਹਰ, ਸੰਤੋਖ ਸਿੰਘ, ਜਰਨੈਲ ਸਿੰਘ, ਜਤਿੰਦਰ ਸਿੰਘ, ਜਸਵੰਤ ਸਿੰਘ, ਜੀਤ ਸਿੰਘ, ਨਿੰਦਰ ਸਿੰਘ, ਰਾਜ, ਨਰਿੰਦਰ ਕੌਰ, ਰਾਣੋ ਆਦਿ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਗਲੀਆਂ ਵਿਚ ਘੁੰਮ ਰਹੇ ਗੰਦੇ ਪਾਣੀ ਤੋਂ ਬਹੁਤ ਪਰੇਸ਼ਾਨ ਹਾਂ। ਗੰਦੇ ਪਾਣੀ ਕਾਰਨ ਬੱਚੇ ਤੇ ਬਜ਼ੁਰਗ ਬੀਮਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਸਾਡੇ ਬੱਚੇ ਸੜਕ ਵਿਚ ਖੜ੍ਹੇ ਗੰਦੇ ਪਾਣੀ ਵਿਚੋਂ ਹੀ ਸਕੂਲ ਜਾਣ ਲਈ ਘਰੋਂ ਨਿਕਲਦੇ ਹਨ। ਕੁਝ ਬੱਚੇ ਸਕੂਲ ਬੈਗ ਸਮੇਤ ਗੰਦੇ ਪਾਣੀ ਵਿਚ ਹੀ ਡਿੱਗ ਪੈਂਦੇ ਹਨ ਤੇ ਕੁਝ ਵਿਦਿਆਰਥੀ ਇਸ ਪਾਣੀ ਕਾਰਨ ਸਕੂਲ ਜਾਂਦੇ ਹੀ ਨਹੀਂ ਹਨ। ਬਜ਼ੁਰਗਾਂ ਨੂੰ ਵੀ ਘਰ ਤੋਂ ਬਾਹਰ ਜਾਣ ਲਈ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਵੀ ਹਮੇਸ਼ਾਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਨਗਰ ਨਿਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਬਾਰੇ ਦਿੱਤੇ ਜਾ ਰਹੇ ਬਿਆਨ ਸਭ ਝੂਠੇ ਹਨ। ਉਨ੍ਹਾਂ ਦੱਸਿਆ ਪਿੰਡ ਵਿਚ ਇਕ ਛੱਪੜ ਹੈ ਜੋ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ। ਉਸ ਵਿਚੋਂ ਪਾਣੀ ਦਾ ਨਿਕਾਸ ਦਾ ਕੋਈ ਦੂਸਰਾ ਬਦਲ ਨਹੀਂ ਹੈ। ਪਿੰਡ ਦੇ ਨੇੜੇ ਜ਼ਮੀਨ ਵਿਚ ਗੰਦਾ ਪਾਣੀ ਕਿਸਾਨ ਨਹੀਂ ਪੈਣ ਦੇ ਰਹੇ। ਜੇਕਰ ਅਚਾਨਕ ਗੰਦਾ ਪਾਣੀ ਪੈ ਵੀ ਜਾਵੇ ਤਾਂ ਇਸ ਗੱਲ ਨੂੰ ਲੈ ਕੇ ਅਕਸਰ ਹੀ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਗੰਦੇ ਪਾਣੀ ਤੋਂ ਦੁਖੀ ਹੋ ਕੇ ਇਕ ਕਿਸਾਨ ਨੇ ਪੁਲਸ ਥਾਣਾ ਤਲਵੰਡੀ ਚੌਧਰੀਆਂ ’ਚ ਦਰਖਾਸਤ ਵੀ ਦਿੱਤੀ ਹੋਈ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪਿੰਡ ਦੀਆਂ ਗਲੀਆਂ ਵਿਚ ਘੁੰਮ ਰਹੇ ਗੰਦੇ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਕੀ ਕਹਿੰਦੇ ਹਨ ਪਿੰਡ ਦੇ ਸਰਪੰਚ- ਇਸ ਸਬੰਧੀ ਪਿੰਡ ਬਸਤੀ ਹੁਸੈਨਪੁਰ ਦੂਲੋਵਾਲ ਦੇ ਸਰਪੰਚ ਦਲਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਸਰਕਾਰਾਂ ਵੱਲੋਂ ਵਿਕਾਸ ਕਾਰਜ ਕਰਨ ਲਈ ਇਕ ਵੀ ਗ੍ਰਾਂਟ ਨਹੀਂ ਦਿੱਤੀ ਗਈ, ਜਿਸ ਕਾਰਨ ਪਿੰਡ ਹੁਸੈਨਪੁਰ ਦੂਲੋਵਾਲ ਵਿਕਾਸ ਪੱਖੋਂ ਅਧੂਰਾ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਆਪ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਪਹੁੰਚ ਕੀਤੀ ਪਰ ਸਾਡੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਸਰਪੰਚ ਨੇ ਦੱਸਿਆ ਕਿ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਪਾਸੋਂ ਪਿੰਡ ਵਿਚ ਸੀਵਰੇਜ ਪਾਈਪ ਲਾਈਨ ਪਾਉਣ ਲਈ 15 ਲੱਖ ਰੁਪਏ ਦੀ ਮੰਗ ਕੀਤੀ ਹੈ। ਜਦੋਂ ਪੰਚਾਇਤ ਦੇ ਖਾਤੇ ਵਿਚ 15 ਲੱਖ ਆ ਜਾਣਗੇ। ਪਿੰਡ ਦੀਆਂ ਸੜਕਾਂ ਵਿਚ ਘੁੰਮ ਰਹੇ ਗੰਦੇ ਪਾਣੀ ਦਾ ਹੱਲ ਕੀਤਾ ਜਾਵੇਗਾ।