ਅਰਬਨ ਅਸਟੇਟ ਤੇ ਚਾਚੋਕੀ ਦੇ ਲੋਕ ਕੂੜੇ ਦੇ ਡੰਪ ਤੋਂ ਪਰ੍ਹੇਸ਼ਾਨ
ਪੋਸ਼ ਇਲਾਕੇ ਅਰਬਨ ਅਸਟੇਟ ਅਤੇ ਚਾਚੋਕੀ ਦੇ ਲੋਕ ਕੂੜੇ ਦੇ ਡੰਪ ਤੋਂ ਪਰ੍ਹੇਸ਼ਾਨ
Publish Date: Mon, 23 Mar 2026 07:32 PM (IST)
Updated Date: Mon, 23 Mar 2026 07:34 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੀਤੇ ਕੁਝ ਸਾਲ ਪਹਿਲਾਂ ਇਕ ਪਾਸੇ ਨਗਰ ਨਿਗਮ ਫਗਵਾੜਾ ਨੂੰ ਕੇਂਦਰ ਸਰਕਾਰ ਵੱਲੋਂ ਸਵੱਛਤਾ ਦੇ ਤਹਿਤ ਇਨਾਮ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਪਰ ਸ਼ਹਿਰ ਦੇ ਹਾਲਾਤ ਪਹਿਲਾਂ ਵੀ ਬਦਤਰ ਬਣੇ ਹੋਏ ਸਨ ਤੇ ਹੁਣ ਵੀ ਜਿਉਂ ਦੇ ਤਿਉਂ ਕਾਇਮ ਹਨ। ਸ਼ਹਿਰ ਵਿਚ ਹਰ ਪਾਸੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਜੀਅ ਦਾ ਜੰਜਾਲ ਬਣੇ ਹੋਏ ਹਨ। ਅਜਿਹਾ ਹੀ ਅਰਬਨ ਅਸਟੇਟ ਚਾਚੋਕੀ ਲਾਗੇ ਬਣੇ ਕੂੜੇ ਦੇ ਡੰਪ ਦੇ ਹਾਲਾਤ ਹਨ, ਜਿਥੇ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਰਬਨ ਅਸਟੇਟ ਚਾਚੋਕੀ ਤੇ ਦੋਸਾਂਝਾ ਨਜਦੀਕ ਲਿੰਕ ਰੋਡ ’ਤੇ ਬਣੇ ਇਸ ਕੂੜੇ ਦੇ ਡੰਪ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨ ਹਨ। ਪਹਿਲਾਂ ਤਾਂ ਇਹ ਸਿਰਫ ਕੂੜੇ ਦੇ ਡੰਪ ਹੀ ਦਿਖਾਈ ਦਿੰਦੇ ਸਨ ਪਰ ਹੁਣ ਤਾਂ ਲਿੰਕ ਸੜਕ ਹੀ ਕੂੜਾਦਾਨ ਬਣਦੀ ਜਾ ਰਹੀ ਹੈ। ਆਉਣ-ਜਾਣ ਵਾਲਿਆਂ ਨੂੰ ਹੋ ਰਹੀ ਹੈ ਡਾਹਢੀ ਪ੍ਰੇਸ਼ਾਨੀ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਚਾਚੋਕੀ ਨਹਿਰ ਲਾਗੇ ਬਣੇ ਡੰਪ ’ਤੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਇਥੇ ਆਉਣਾ-ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਨਜ਼ਦੀਕ ਸਥਿਤ ਸਰਕਾਰੀ ਸਕੂਲ ਚਾਚੋਕੀ, ਪ੍ਰਾਇਮਰੀ ਸਕੂਲ ਨੰਗਲ ਰੋਡ, ਸੁਆਮੀ ਸੰਤ ਦਾਸ ਪਬਲਿਕ ਸਕੂਲ ਜਾਣ ਸਮੇਂ ਬੱਚਿਆਂ ਨੂੰ ਇਸ ਕੂੜੇ ਦੇ ਡੰਪ ਦੇ ਦਰਸ਼ਨ ਕਰਕੇ ਹੀ ਆਉਣਾ-ਜਾਣਾ ਪੈਂਦਾ ਹੈ। ਇਹ ਕੂੜੇ ਦਾ ਡੰਪ ਕੇਂਦਰ ਸਰਕਾਰ ਵੱਲੋਂ ਮਿਲੇ ਸਵੱਛਤਾ ਅਭਿਆਨ ਇਨਾਮ ਦੇ ਕੱਚੇ ਚਿੱਠੇ ਖੋਲ੍ਹ ਰਿਹਾ ਹੈ। ਨਜ਼ਦੀਕ ਹਨ ਕਈ ਹਸਪਤਾਲ ਕੂੜੇ ਦੇ ਡੰਪ ਨਜ਼ਦੀਕ ਬਾਹੜਾ ਹਸਪਤਾਲ, ਡਾ. ਮੀਨਾ ਸਿੰਘ ਹਸਪਤਾਲ ਹੋਣ ਕਾਰਨ ਲੋਕ ਰੋਜ਼ਾਨਾ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਜਾਂਦੇ ਹਨ ਪਰ ਬਿਮਾਰ ਵਿਅਕਤੀ ਇਨ੍ਹਾਂ ਕੂੜੇ ਦੇ ਡੰਪਾਂ ਕਾਰਨ ਹੋਰ ਜ਼ਿਆਦਾ ਬੀਮਾਰ ਹੋ ਕੇ ਘਰਾਂ ਨੂੰ ਵਾਪਸ ਪਰਤਦਾ ਹੈ। ਬੀਤੇ ਕਾਫ਼ੀ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ : ਘਨਸ਼ਾਮ ਸਮਾਜ ਸੇਵਕ ਘਨਸ਼ਾਮ ਨੇ ਕਿਹਾ ਕਿ ਕਈ ਸੰਸਥਾਵਾਂ ਨੇ ਪਹਿਲਾਂ ਵੀ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਕਿਸੇ ਹੋਰ ਜਗ੍ਹਾ ਬਦਲਣ ਲਈ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਪਰ ਇਥੋਂ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਰਾਹਗੀਰਾਂ ਦੇ ਨਾਲ ਛੋਟੇ ਬੱਚਿਆਂ ਨੂੰ ਵੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਨਗਰ ਨਿਗਮ ਸਵੱਛਤਾ ਅਭਿਆਨ ਦੇ ਆਪਣੇ ਸਨਮਾਨ ਨੂੰ ਕਾਇਮ ਰੱਖਣਾ ਚਾਹੁੰਦੀ ਹੈ ਤੇ ਪਹਿਲਾਂ ਇਨ੍ਹਾਂ ਕੂੜੇ ਦੇ ਢੇਰਾਂ ਦਾ ਕੋਈ ਸਾਰਥਕ ਹੱਲ ਜ਼ਰੂਰ ਕਰਨਾ ਪਵੇਗਾ ਤਾਂ ਹੀ ਫਗਵਾੜਾ ਖ਼ੂਬਸੂਰਤ ਤੇ ਸੁੰਦਰ ਦਿੱਖ ਪ੍ਰਾਪਤ ਕਰ ਸਕੇਗਾ।