ਲੋਕਾਂ ਦੀ ਰਾਜਾ ਨਾਭ ਕਮਲ ਜੀ ਦੇ ਅਸਥਾਨ ਪ੍ਰਤੀ ਅਥਾਹ ਸ਼ਰਧਾ : ਕੁਲਾਰ
ਦੁਆਬੇ ਦੇ ਲੋਕਾਂ ਦੀ ਰਾਜਾ ਨਾਭ ਕਮਲ ਜੀ ਦੇ ਅਸਥਾਨ ਨਾਲ ਵੱਡੀ ਸ਼ਰਧਾ -ਕੁਲਾਰ
Publish Date: Sat, 17 Jan 2026 06:52 PM (IST)
Updated Date: Sat, 17 Jan 2026 06:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਦੁਆਬਾ ਇਲਾਕੇ ਦੇ ਨਵਾਂ ਸ਼ਹਿਰ ਬੰਗਿਆਂ ਨਜ਼ਦੀਕ ਮਜਾਰੀ ਵਿਚ ਸਥਿਤ ਰਾਜਾ ਨਾਭ ਕਮਲ ਸਾਹਿਬ ਜੀ ਦੇ ਸਥਾਨ ’ਤੇ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਅਸਥਾਨ ’ਤੇ ਬਾਣੀ ਦੇ ਪ੍ਰਵਾਹ 24 ਘੰਟੇ ਚਲਦੇ ਹਨ ਤੇ ਸੰਗਤਾਂ ਗੁਰੂ ਬਾਣੀ ਦੇ ਪਵਿੱਤਰ ਸਰੋਵਰ ਵਿਚ ਸਰਾਬੋਰ ਹੋ ਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ। ਰਾਜਾ ਨਾਭ ਕਮਲ ਸਾਹਿਬ ਜੀ ਦਾ ਅਸਥਾਨ ਦੁਆਬੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਦਾ ਹੈ, ਜਿਥੇ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਆਰੰਭ ਰਹਿੰਦੀਆਂ ਹਨ ਤੇ ਲੋਕ ਆਪਣੀਆਂ ਮੰਨਤਾਂ ਪੂਰੀਆਂ ਹੋਣ ਤੋਂ ਬਾਅਦ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੇ ਪਾਠ ਕਰਵਾਉਂਦੇ ਹਨ। ਦੁਆਬੇ ਦੇ ਲੋਕਾਂ ਵਿਚ ਇਸ ਅਸਥਾਨ ਦੀ ਇੱਨੀ ਜ਼ਿਆਦਾ ਮਾਨਤਾ ਹੈ ਕਿ ਉਹ ਆਪਣੀਆਂ ਲੱਖਾਂ ਰੁਪਏ ਦੀਆਂ ਗੱਡੀਆਂ ਵੀ ਸੰਗਤਾਂ ਦੀ ਸੇਵਾ ਵਿਚ ਦਰਸ਼ਨ ਕਰਾਉਣ ਲਈ ਮੁਫਤ ਲਗਾ ਦਿੰਦੇ ਹਨ। ਅਜਿਹੇ ਪਵਿੱਤਰ ਸਥਾਨ ਖਿਲਾਫ ਮੰਦੀ ਸ਼ਬਦਾਵਲੀ ਬੋਲਣਾ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਯੂਥ ਵਿੰਗ ਦੇ ਮੀਤ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਕੁਲਾਰ, ਸੀਨੀਅਰ ਆਗੂ ਜਸਵਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਲਾਡੀ ਸ਼ੇਰਗਿੱਲ, ਰਣਜੀਤ ਸਿੰਘ ਜੀਤੀ ਖੇੜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਲੋਕਾਂ ਨੂੰ ਗੁੱਮਰਾਹ ਕਰਨ ਲਈ ਐੱਸਆਈਟੀ ਬਣਾਈ ਗਈ ਹੈ, ਉਹ ਸਿਰਫ ਝੂਠ ਦਾ ਪੁਲੰਦਾ ਹੈ। ਸੂਬੇ ਦੇ ਮੁੱਖ ਮੰਤਰੀ ਨੂੰ ਨੂੰ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਗੁਰਦੁਆਰਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਪ੍ਰਬੰਧਕਾਂ ਨੇ ਐੱਸਆਈਟੀ ਨੂੰ ਉੱਥੇ ਮੌਜੂਦ ਸਰੂਪਾਂ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ, ਉਸ ਦੇ ਬਾਵਜੂਦ ਵੀ ਇਸ ਅਸਥਾਨ ਖਿਲਾਫ ਗਲਤ ਬੋਲਣਾ ਨਿੰਦਣਯੋਗ ਹੈ। ਅਸਥਾਨ ’ਤੇ ਬਿਰਾਜਮਾਨ 169 ’ਚੋਂ 107 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ ਜਦਕਿ 62 ਸਰੂਪ ਵੱਖ-ਵੱਖ ਪ੍ਰਿੰਟਿੰਗ ਪ੍ਰੈਸਾਂ ਵੱਲੋਂ ਛਾਪੇ ਗਏ ਹਨ। ਇਨ੍ਹਾਂ ਸਰੂਪਾਂ ਦਾ ਰਿਕਾਰਡ ਰੱਖਣ ਦਾ ਹੁਕਮਨਾਮਾ 2015 ਤੋਂ ਜਾਰੀ ਹੋਇਆ ਸੀ ਅਤੇ ਗੁੰਮ ਹੋਏ ਸਰੂਪਾਂ ਦਾ ਮਾਮਲਾ 2015 ਤੋਂ 2019 ਨਾਲ ਸਬੰਧਤ ਹੈ। ਫਿਰ ਅਜਿਹੇ ਮਾਮਲੇ ਵਿਚ ਬਿਨਾਂ ਸੋਚੇ ਅਜਿਹੀ ਟਿੱਪਣੀ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਇਸ ਦਾ ਜਵਾਬ ਹੁਣ ਦੁਆਬੇ ਦੇ ਲੋਕ ਨਹੀਂ, ਸਗੋਂ ਗੁਰਦੁਆਰਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਅਸਥਾਨ ’ਤੇ ਆਸਥਾ ਰੱਖਣ ਵਾਲੀਆਂ ਕਰੋੜਾਂ ਸੰਗਤਾਂ 2027 ਵਿਧਾਨ ਸਭਾ ਚੋਣਾਂ ਵਿਚ ਦੇਣਗੀਆਂ ਤੇ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿੱਖਾਂ ਦਾ ਹੈ ਅਤੇ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਸ ਮਾਮਲੇ ਨੂੰ ਹੱਲ ਕਰਨ ਦੇ ਸਮਰੱਥ ਹਨ। ਫਿਰ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਵਿਕਾਸ ਦੀ ਥਾਂ ’ਤੇ ਧਾਰਮਿਕ ਮਸਲੇ ਸਬੰਧੀ ਵਾਰ-ਵਾਰ ਸੰਗਤਾਂ ਨੂੰ ਗੁਮਰਾਹ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦਾ ਕਰਜ਼ਾ ਘਟਾਉਣ ਦੀ ਥਾਂ, ਸਗੋਂ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ, ਜਿਸ ਦਾ ਭਾਰ ਆਉਣ ਵਾਲੇ ਸਮੇਂ ਵਿਚ ਆਮ ਲੋਕਾਂ ’ਤੇ ਹੀ ਪਵੇਗਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਲੇ ਵੀ ਸਮਾਂ ਹੈ 2027 ਵਿਚ ਭੁੱਲ ਕੇ ਵੀ ਅਜਿਹੀ ਪਾਰਟੀ ਨੂੰ ਵੋਟਾਂ ਨਾ ਪਾਉਣਾ, ਜਿਨ੍ਹਾਂ ਨੂੰ ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਸਬੰਧੀ ਕੁਝ ਵੀ ਜਾਣਕਾਰੀ ਨਹੀਂ ਹੈ।