ਸੁਲਤਾਨਪੁਰ ਲੋਧੀ ’ਚ ਨਸ਼ਿਆਂ ਤੋਂ ਤੰਗ ਆਏ ਲੋਕਾਂ ਕੀਤਾ ਰੋਸ ਪ੍ਰਗਟ
ਸੁਲਤਾਨਪੁਰ ਲੋਧੀ ਵਿੱਚ ਨਸ਼ਿਆਂ ਤੋਂ ਤੰਗ ਆਏ ਲੋਕਾਂ ਕੀਤਾ ਰੋਸ ਪ੍ਰਗਟ
Publish Date: Sun, 05 Apr 2026 10:02 PM (IST)
Updated Date: Mon, 06 Apr 2026 04:14 AM (IST)

ਨਸ਼ੇ ਕਾਰਨ ਚਾਰ ਪੁੱਤ ਗੁਆ ਚੁੱਕੀ ਮਾਂ ਨੇ ਲਾਈ ਨਸ਼ੇ ਰੋਕਣ ਦੀ ਗੁਹਾਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ‘ਆਪ’ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਕਈ ਸਵਾਲ ਖੜ੍ਹੇ ਕਰ ਰਹੀ ਹੈ, ਜਿੱਥੇ ਇੱਕੋ ਮਹੱਲਾ ਪੰਡੋਰੀ ਇਸ ਦੀ ਪੋਲ ਖੋਲ੍ਹ ਰਿਹਾ ਹੈ, ਜਿੱਥੇ ਸ਼ਾਇਦ ਹੀ ਕੋਈ ਘਰ ਅਜਿਹਾ ਬਚਿਆ ਹੋਵੇ, ਜਿੱਥੇ ਨਸ਼ਿਆਂ ਕਾਰਨ ਮੌਤ ਦੇ ਸੱਥਰ ਨਾ ਵਿਛੇ ਹੋਣ। ਪਾਵਨ ਨਗਰੀ ਦੇ ਮੁੱਖ ਥਾਣਾ ਨਾਲ ਲੱਗਦੇ ਮੁਹੱਲੇ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਸਾਡੀ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ। ਮੁਹੱਲੇ ਦੀਆਂ ਔਰਤਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਾਨ ਤੋਂ ਪੁੱਛ ਰਹੀਆਂ ਹਨ ਕਿ ਕਿੱਥੇ ਨਸ਼ਾ ਖਤਮ ਹੋ ਗਿਆ। ਸਾਡੇ ਤਾਂ ਪਰਿਵਾਰ ਸਾਰੇ ਉਜੜ ਗਏ ਕਿਸੇ ਘਰ ’ਚ 4 ਪੁੱਤ ਕਿਸੇ ਦੇ 2 ਤੇ ਕਿਸੇ ’ਚ ਇਕਲੌਤਾ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਕੇ ਆਪਣੀ ਜੀਵਨ ਲੀਲਾ ਖਤਮ ਕਰ ਚੁੱਕਾ ਹੈ ਪਰ ਸਾਡੀ ਸਰਕਾਰ ਹਾਲੇ ਵੀ ਸੱਚਾਈ ਤੋਂ ਕੋਹਾਂ ਦੂਰ ਹੈ। ਨਸ਼ਿਆਂ ’ਚ ਆਪਣੇ ਜਿਗਰ ਦੇ ਟੁਕੜੇ ਪੁੱਤਾਂ ਨੂੰ ਗੁਵਾਆ ਚੁੱਕੀਆਂ ਮਾਵਾਂ ਦੇ ਵਿਰਲਾਪ ਦਿਲ ਨੂੰ ਚੀਰਦੇ ਹਨ, ਜਦੋਂ ਉਹ ਕਹਿੰਦੀਆਂ ਹਨ ਕਿ ਮੇਰੇ ਪੁੱਤ ਨੂੰ ਨਸ਼ਿਆਂ ਨੇ ਖਾ ਲਿਆ, ਹੁਣ ਮੈਂ ਕਿਸ ਦੇ ਆਸਰੇ ਆਪਣਾ ਬੁਢਾਪਾ ਕੱਢਾਂਗੀ। ਕਿੱਥੇ ਮੈਨੂੰ ਇਨ੍ਹਾਂ ਪੁੱਤਾਂ ਨੇ ਮੋਢੇ ਚੁੱਕ ਕੇ ਸਿਵਿਆਂ ’ਚ ਛੱਡ ਕੇ ਆਉਣਾ ਸੀ ਤੇ ਕਿੱਥੇ ਅੱਜ ਮੈਂ ਇਨ੍ਹਾਂ ਨੂੰ ਸ਼ਮਸ਼ਾਨਘਾਟ ਪਹੁੰਚਾ ਕੇ ਆਈ ਹਾਂ। ਨਸ਼ਿਆਂ ਨੂੰ ਖਤਮ ਕਰਨ ਦੇ ਸਾਰੇ ਦਾਅਵਿਆਂ ਨੂੰ ਝੂਠ ਦੱਸਦਿਆਂ ਇਨ੍ਹਾਂ ਔਰਤਾਂ ਨੇ ਕਿਹਾ ਕਿ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਪੁਲਿਸ ਬਸ ਖਾਨਾਪੂਰਤੀ ਲਈ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੂੰ ਚੁੱਕ ਕੇ ਲੈ ਜਾਂਦੀ ਹੈ, ਜਦਕਿ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਸ਼ਰੇਆਮ ਨਸ਼ਾ ਵੇਚ ਰਹੇ ਹਨ। ਕੀ ਇਹ ਪੁਲਿਸ ਨੂੰ ਨਹੀਂ ਪਤਾ ਲੱਗਦਾ। ਉਨ੍ਹਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਵਿਰੁੱਧ ਸਖਤੀ ਕੀਤੀ ਜਾਵੇ । ਕੀ ਕਹਿਣਾ ਹੈ ਪੁਲਿਸ ਦਾ? ਮੌਕੇ ’ਤੇ ਪੁੱਜੇ ਏਐੱਸਆਈ ਸੁਬੇਗ ਸਿੰਘ ਨੇ ਕਿਹਾ ਕਿ ਪੁਲਿਸ ਹਰ ਸਮੇਂ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਲਈ ਤੱਤਪਰ ਹੈ, ਜੇ ਇਹ ਲੋਕ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਪੁਲਿਸ ਦਾ ਸਾਥ ਦੇਣ ਤਾਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲਦ ਹੀ ਇਨ੍ਹਾਂ ਨਸ਼ਿਆਂ ਖਿਲਾਫ ਮਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।