ਤਹਿਸੀਲ ’ਚ ਇੱਕ ਕਾਨੂੰਨਗੋ ਹੋਣ ਕਾਰਨ ਲੋਕ ਝੱਲ ਰਹੇ ਪਰੇਸ਼ਾਨੀ : ਭੁੱਲਰ
ਤਹਿਸੀਲ ਦਫਤਰ ਵਿੱਚ ਇੱਕ ਕਾਨੂੰਗੋ ਹੋਣ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਮੁਸ਼ਕਿਲਾਂ ਦਾ ਸਾਹਮਣਾ- ਸਾਹਿਬ ਸਿੰਘ ਭੁੱਲਰ
Publish Date: Sat, 11 Apr 2026 06:52 PM (IST)
Updated Date: Sat, 11 Apr 2026 06:53 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਤਹਿਸੀਲ ਦਫ਼ਤਰ ਸੁਲਤਾਨਪੁਰ ਲੋਧੀ ਵਿੱਚ ਕਾਨੂੰਨਗੋ ਦੀ ਘਾਟ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਇਸ ਪਾਸੇ ਬਿਲਕੁਲ ਗੰਭੀਰ ਨਹੀਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਕੀਤਾ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਵਿੱਚ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀ ਕਮੀ ਚਲੀ ਆ ਰਹੀ ਹੈ ਜਿਸ ਪਾਸੇ ਵਾਰ-ਵਾਰ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਦੇ ਬਾਵਜੂਦ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਤਹਿਸੀਲ ਸੁਲਤਾਨਪੁਰ ਲੋਧੀ ਵਿੱਚ 200 ਤੋਂ ਵੱਧ ਪਿੰਡ ਹਨ, ਜਿਨ੍ਹਾਂ ਨੂੰ ਆਪਣੇ ਕੰਮ ਵਾਸਤੇ ਸੁਲਤਾਨਪੁਰ ਲੋਧੀ ਤਹਿਸੀਲ ਦਫ਼ਤਰ ਆਉਣਾ ਪੈਂਦਾ ਹੈ। ਤਹਿਸੀਲ ਦਫ਼ਤਰ ਵਿੱਚ ਸਿਰਫ ਇੱਕ ਹੀ ਕਾਨੂੰਨਗੋ ਹੈ, ਮਨੋਹਰ ਸਿੰਘ ਜੋ ਦੋਵੇਂ ਤਹਿਸੀਲ ਸੁਲਤਾਨਪੁਰ ਲੋਧੀ ਤੇ ਤਲਵੰਡੀ ਚੌਧਰੀਆਂ ਵਿਖੇ ਕੰਮਕਾਜ ਦਾ ਜਿੰਮਾ ਵੇਖ ਰਿਹਾ ਹੈ। ਲੰਮੇ ਸਮੇਂ ਤੋਂ ਲੋਕਾਂ ਦੇ ਕੰਮ ਪੈਂਡਿੰਗ ਪਏ ਹਨ, ਜਿਸ ਵਾਸਤੇ ਵਾਰ-ਵਾਰ ਪ੍ਰਸ਼ਾਸਨ ਦੇ ਕੋਲ ਗੁਜ਼ਾਰਿਸ਼ ਕਰਨ ਦੇ ਬਾਵਜੂਦ ਹਾਲਾਤ ਹੋਰ ਜ਼ਿਆਦਾ ਬਦਤਰ ਹੋ ਰਹੇ ਹਨ। ਨੰਬਰਦਾਰ ਸਾਹਿਬ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਹਰੇਕ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਘਾਟ ਹੈ ਤੇ ਮੁੱਖ ਮੰਤਰੀ ਸਾਹਿਬ ਵੱਡੀ ਭਰਤੀ ਦੇ ਦਾਅਵੇ ਕਰਦੇ ਹਨ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਸਰਕਾਰ ਗੰਭੀਰ ਨਹੀਂ ਹੈ ਤੇ ਇਸ ਸਬੰਧੀ ਜਲਦੀ ਹੀ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਮੰਗਲ ਸਿੰਘ ਭੱਟੀ ਬੂੜੇਵਾਲ, ਜਨਰਲ ਸਕੱਤਰ ਕੁਲਦੀਪ ਸਿੰਘ ਸਾਂਗਰਾ, ਨੰਬਰਦਾਰ ਅਮਰਜੀਤ ਸਿੰਘ ਫੌਜੀ ਕਾਲੋਨੀ ਵੀ ਹਾਜ਼ਰ ਸਨ।