ਭਲੱਥ ’ਚ ਪਾਣੀ ਨਿਕਾਸੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ
ਭਲੱਥ ਮੇਨ ਬਾਜ਼ਾਰ ਵਿੱਚ ਪਾਣੀ ਨਿਕਾਸੀ ਦੀ ਸਮੱਸਿਆ ਤੋਂ ਲੋਕ ਡਾਹਡੇ ਪ੍ਰੇਸ਼ਾਨ
Publish Date: Sat, 28 Feb 2026 09:41 PM (IST)
Updated Date: Sat, 28 Feb 2026 09:43 PM (IST)

--ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ- ਦੁਕਾਨਦਾਰ ਅਤੇ ਮੁਹੱਲਾ ਵਾਸੀ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਪਿਛਲੇ ਲੰਬੇ ਸਮੇਂ ਤੋਂ ਭੁਲੱਥ ਦੇ ਮੇਨ ਬਾਜ਼ਾਰ ਵਿਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਲੋਕ ਡਾਹਡੇ ਪ੍ਰੇਸ਼ਾਨ ਹਨ ਤੇ ਦਿਨ ਬ ਦਿਨ ਇਹ ਪ੍ਰੇਸ਼ਾਨੀ ਵਧਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਾਰਾ ਪਾਣੀ ਬਜ਼ਾਰ ਵਿਚ ਖੜ੍ਹਾ ਰਹਿੰਦਾ ਹੈ, ਜਿਸ ਕਰਕੇ ਇਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਫੈਲਦੀ ਗੰਦਗੀ ਕਰਕੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ। ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨਦਾਰੀ ’ਤੇ ਵੀ ਇਸ ਗੰਦੇ ਪਾਣੀ ਦਾ ਅਸਰ ਪੈਂਦਾ ਹੈ ਤੇ ਜਦੋਂ ਵੀ ਕੋਈ ਗ੍ਰਾਹਕ ਆਉਂਦਾ ਹੈ ਤਾਂ ਉਹ ਗਿੱਲੇ ਤੇ ਗੰਦਗੀ ਨਾਲ ਭਰੇ ਪੈਰ ਲੈ ਕੇ ਉਨ੍ਹਾਂ ਦੀਆਂ ਦੁਕਾਨਾਂ ਅੰਦਰ ਆਉਂਦੇ ਹਨ, ਜਿਸ ਨਾਲ ਦੁਕਾਨਾਂ ਦੇ ਅੰਦਰ ਬਦਬੂ ਵੀ ਆਉਂਦੀ ਰਹਿੰਦੀ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਨਗਰ ਪੰਚਾਇਤ ਭਲੱਥ ਨੂੰ ਵੀ ਇਤਲਾਹ ਕੀਤੀ ਗਈ ਹੈ ਪਰ ਅੱਜ ਤੱਕ ਹੱਲ ਨਹੀਂ ਨਿਕਲਿਆ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਮੰਦਰ ਜਾਂ ਗੁਰਦੁਆਰੇ ਜਾਂਦੇ ਹਾਂ ਤਾਂ ਮਜਬੂਰੀ ਵੱਸ ਪਹਿਲਾਂ ਇਸ ਗੰਦਗੀ ਦੇ ਵਿਚੋਂ ਲੰਘਣਾ ਪੈਂਦਾ ਹੈ। ਇਸ ਸਬੰਧੀ ਨਜ਼ਦੀਕੀ ਦੁਕਾਨਦਾਰ ਤੇ ਮੁਹੱਲਾ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਇਸ ਸਮੱਸਿਆ ਦਾ ਕੋਈ ਜਲਦੀ ਹੱਲ ਕੱਢਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਜਦੋਂ ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨਾਲ ਗੱਲਬਾਤ ਹੋਈ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਫਾਈ ਕਰਵਾਈ ਜਾਂਦੀ ਹੈ ਤੇ ਹੁਣ ਫਿਰ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਨਾਲ ਇਸ ਸਬੰਧੀ ਇਕ ਮੀਟਿੰਗ ਤੈਅ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦਾ ਜਲਦ ਪੱਕਾ ਹੱਲ ਕੱਢ ਦਿੱਤਾ ਜਾਵੇਗਾ।