ਡਡਵਿੰਡੀ ’ਚ ਅਣ-ਐਲਾਨੇ ਬਿਜਲੀ ਕੱਟਾਂ ਤੋ ਲੋਕ ਪਰੇਸ਼ਾਨ
ਡਡਵਿੰਡੀ ਵਿੱਚ ਅਣਐਲਾਨੇ ਬਿਜਲੀ ਕੱਟਾਂ ਤੋ ਲੋਕ ਪਰੇਸ਼ਾਨ, ਬਿਜਲੀ ਵਿਭਾਗ ਦੇ ਅਧਿਕਾਰੀ ਇੱਕ-ਦੂਜੇ ’ਤੇ ਸਿੱਟਦੇ ਰਹੇ ਜ਼ਿੰਮੇਵਾਰੀ
Publish Date: Fri, 03 Apr 2026 07:36 PM (IST)
Updated Date: Fri, 03 Apr 2026 07:40 PM (IST)

ਬਿਜਲੀ ਵਿਭਾਗ ਦੇ ਅਧਿਕਾਰੀ ਇਕ-ਦੂਜੇ ’ਤੇ ਸਿੱਟਦੇ ਰਹੇ ਜ਼ਿੰਮੇਵਾਰੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਚ ਗਰਮੀ ਦੀ ਸ਼ੁਰੂਆਤ ਨਾਲ ਹੀ ਬਿਜਲੀ ਵਿਭਾਗ ਵੱਲੋਂ ਲਗਾਤਾਰ ਅਣ-ਐਲਾਨੇ ਬਿਜਲੀ ਕੱਟ ਲਗਾਏ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਤੋਂ ਲੈ ਕੇ ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੀ । ਇਸ ਦੌਰਾਨ ਘਰੇਲੂ ਕੰਮਕਾਜ ਤੇ ਦੁਕਾਨਦਾਰਾਂ ਦੇ ਰੋਜ਼ਾਨਾ ਦੇ ਕਾਰਜ ਬਹੁਤ ਪ੍ਰਭਾਵਿਤ ਹੋਏ। ਬਿਜਲੀ ਨਾ ਹੋਣ ਕਰਕੇ ਲੋਕ ਬਿਜਲਈ ਉਪਕਰਨ ਨਹੀਂ ਚਲਾ ਸਕੇ, ਜਿਸ ਨਾਲ ਘਰੇਲੂ ਔਰਤਾਂ ਤੇ ਵਪਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧੀ ਲਾਈਨਮੈਨ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਪਲਾਈ ਟਾਵਰ ਲਾਈਨ ਤੋਂ ਬੰਦ ਕੀਤੀ ਗਈ ਹੈ। ਉੱਧਰ ਜਦੋਂ ਐੱਸਡੀਓ ਗੁਰਨਾਮ ਸਿੰਘ ਬਾਜਵਾ ਸਬ-ਡਿਵੀਜ਼ਨ ਖੈੜਾ ਮੰਦਿਰ, ਕਪੂਰਥਲਾ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ ਜੇਈ ਜਸਪਾਲ ਸਿੰਘ ਗਿੱਲ ਹੀ ਦੇ ਸਕਦੇ ਹਨ। ਜੇਈ ਜਸਪਾਲ ਸਿੰਘ ਗਿੱਲ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਛੁੱਟੀ ‘ਤੇ ਹਨ ਤੇ ਮਾਮਲੇ ਦੀ ਜਾਂਚ ਕਰਕੇ ਜਾਣਕਾਰੀ ਦੇਣਗੇ। ਬਾਅਦ ਵਿਚ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬਿਜਲੀ ਘਰ ਤੋਂ ਭਾਗੋ ਬੁੱਢਾ ਨੂੰ ਚਲਦੀ ਟਾਵਰ ਲਾਈਨ ਦਾ ਪਰਮਿਟ ਲਿਆ ਹੋਇਆ ਹੈ, ਉਨ੍ਹਾਂ ਨੇ ਬਿਜਲੀ ਸਪਲਾਈ ਕਿਸੇ ਕਾਰਨ ਬੰਦ ਕੀਤੀ ਹੋਈ ਹੈ। ਹਾਲਾਂਕਿ ਬਿਜਲੀ ਕਦੋਂ ਚਾਲੂ ਹੋਵੇਗੀ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਾਰੀ ਸਥਿਤੀ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕਰ ਦਿੱਤੇ ਹਨ, ਜਿਥੇ ਕੋਈ ਵੀ ਅਧਿਕਾਰੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਣਐਲਾਨੇ ਕੱਟਾਂ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਬਿਜਲੀ ਵਿਭਾਗ ਵੱਲੋਂ ਤੁਰੰਤ ਇਸਦਾ ਹੱਲ ਕੀਤਾ ਜਾਣਾ ਚਾਹੀਦਾ ਹੈ।