ਰੇਲਵੇ ਫਾਟਕਾਂ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਲੋਕ ਪਰੇਸ਼ਾਨ
ਰੇਲਵੇ ਫਾਟਕਾਂ ਦੇ ਲੰਬੇ ਸਮੇਂ ਤੋਂ ਰਸਤੇ ਬੰਦ ਹੋਣ ਕਾਰਨ ਲੋਕ ਪਰੇਸ਼ਾਨ, ਲੋਕਾਂ ਵੱਲੋ ਬਦਲਵੇਂ ਪ੍ਰਬੰਧ ਕਰਨ ਦੀ ਮੰਗ
Publish Date: Fri, 20 Feb 2026 08:13 PM (IST)
Updated Date: Fri, 20 Feb 2026 08:15 PM (IST)

ਲੋਕਾਂ ਵੱਲੋਂ ਬਦਲਵੇਂ ਪ੍ਰਬੰਧ ਕਰਨ ਦੀ ਮੰਗ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਡਡਵਿੰਡੀ : ਰੇਲਵੇ ਸਟੇਸ਼ਨ ਡਡਵਿੰਡੀ ਨੇੜੇ ਫਾਟਕ ਨੰਬਰ ਐੱਸ-40, ਈ/3 ਮੋਠਾਂਵਾਲਾ ਰੋਡ ਤੇ ਫਾਟਕ ਨੰਬਰ 41 ਤਾਸਪੁਰ ਰੋਡ ’ਤੇ ਰੇਲਵੇ ਪੱਟੜੀ ਦੀ ਮੁਰੰਮਤ ਦੇ ਕੰਮ ਕਾਰਨ ਪਿਛਲੇ ਇਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਦੋਵੇਂ ਫਾਟਕ ਬੰਦ ਪਏ ਹਨ। ਇਸ ਕਾਰਨ ਇਲਾਕੇ ਦੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਫਾਟਕਾਂ ਰਾਹੀਂ ਡਡਵਿੰਡੀ, ਮੋਠਾਂਵਾਲਾ, ਲਾਟੀਆਂ ਵਾਲ, ਸੇਚਾਂ, ਤਾਸਪੁਰ, ਸਿੱਧਵਾਂ ਦੋਨਾ, ਕੂਲਰਾਂ, ਕਾਲ਼ਾ ਸੰਘਿਆ, ਤੋਤੀ, ਮਨੀਆਲਾ, ਰਾਮਪੁਰ ਜਗੀਰ, ਲੋਹੀਆਂ ਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਵਸਨੀਕ, ਵਿਦਿਆਰਥੀ, ਕਿਸਾਨ ਤੇ ਦਫ਼ਤਰੀ ਕਰਮਚਾਰੀ ਰੋਜ਼ਾਨਾ ਗੁਜ਼ਰਦੇ ਰਹਿੰਦੇ ਹਨ ਪਰ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਜੇ ਲੰਮੇ ਰਸਤੇ ਰਾਹੀਂ ਕਿਲੋਮੀਟਰਾਂ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ, ਜਿਸ ਨਾਲ ਸਮੇਂ ਤੇ ਤੇਲ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਰੇਲਵੇ ਟਰੈਕਾਂ ਦੀ ਮੁਰੰਮਤ ਲਈ ਇੰਨਾ ਲੰਮਾ ਸਮਾਂ ਲੱਗਣਾ ਹੀ ਸੀ ਤਾਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕੋਈ ਢੁਕਵਾਂ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਅਸਥਾਈ ਰਸਤਾ ਜਾਂ ਹੋਰ ਕੋਈ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਤਾਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਆਸ ਪਾਸ ਦੇ ਪਿੰਡਾਂ ਦੇ ਇਲਾਕਾ ਵਾਸੀਆਂ ਨੇ ਰੇਲਵੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਕੇ ਫਾਟਕਾਂ ਨੂੰ ਖੋਲ੍ਹਿਆ ਜਾਵੇ ਜਾਂ ਫਿਰ ਤੁਰੰਤ ਕੋਈ ਵੱਖਰਾ ਰਸਤਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਉਣ-ਜਾਣ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।