ਡਡਵਿੰਡੀ-ਤਾਸ਼ਪੁਰ ਟੀ-ਪੁਆਇੰਟ ਵਾਲਾ ਰੇਲਵੇ ਫਾਟਕ ਫਿਰ ਬੰਦ
ਡਡਵਿੰਡੀ - ਤਾਸ਼ਪੁਰ ਟੀ ਪੁਆਇੰਟ ਵਾਲਾ ਰੇਲਵੇ ਫਾਟਕ ਦੁਬਾਰਾ ਫਿਰ ਬੰਦ ਰਹਿਣ ਕਾਰਨ ਲੋਕ ਹੋ ਰਹੇ ਹਨ ਖੱਜਲ ਖੁਆਰ
Publish Date: Fri, 20 Mar 2026 09:02 PM (IST)
Updated Date: Fri, 20 Mar 2026 09:04 PM (IST)

ਫਿਰੋਜ਼ਪੁਰ-ਲੋਹੀਆਂ ਖਾਸ ਨੂੰ ਜਾਣ ਵਾਲੇ ਵਾਹਨਾਂ ਦੀ ਲੱਗਦੀ ਹੈ ਲੰਬੀ ਕਤਾਰ ਐਂਬੂਲੈਂਸ ਤੇ ਸਕੂਲੀ ਬੱਚਿਆਂ ਨੂੰ ਵੀ ਹੋ ਰਹੀ ਭਾਰੀ ਮੁਸ਼ਕਿਲ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਡਡਵਿੰਡੀ-ਤਾਸ਼ਪੁਰ ਟੀ-ਪੁਆਇੰਟ ਦੇ ਫਾਟਕ ਨੰਬਰ ਐੱਸ 41/ਈ-3 ਬੇਬੇ ਨਾਨਕੀ ਜੀ ਚਾਰ ਮਾਰਗੀ ਰੋਡ 703/ਏ ’ਤੇ ਸਥਿਤ ਰੇਲਵੇ ਫਾਟਕ ਦੇ ਦੁਬਾਰਾ ਰਿਪੇਅਰ ਤੇ ਹੋਰ ਕਾਰਨਾਂ ਕਰਕੇ ਬੰਦ ਰਹਿਣ ਕਾਰਨ ਆਸਪਾਸ ਦੇ ਪਿੰਡਾਂ ਦੇ ਇਲਾਕੇ ਦੇ ਲੋਕਾਂ ਤੇ ਰੋਜ਼ਾਨਾ ਆਪਣੇ ਕੰਮਕਾਰ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਾਸੀਆਂ ਅਨੁਸਾਰ ਇਕ ਦਿਨ ਵਿਚ ਕਈ ਵਾਰ ਫਾਟਕ ਬੰਦ ਹੀ ਰਹਿੰਦਾ ਹੈ, ਜਿਸ ਨਾਲ ਦੋਹਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਭਾਰੀ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਇਸ ਦੌਰਾਨ ਐਂਬੂਲੈਂਸ, ਸਕੂਲੀ ਬੱਸਾਂ ਤੇ ਦਫ਼ਤਰੀ ਕੰਮਕਾਜ ਕਰਨ ਵਾਲਿਆਂ ਨੂੰ ਵੀ ਕਾਫੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਉੱਤਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪ੍ਰਤੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਥੇ ਚੱਕ ਕੋਟਲਾ ਦੇ ਅੰਡਰ ਓਵਰਬ੍ਰਿਜ ਦੇ ਹੇਠਾਂ ਦੀ ਸਿਰਫ ਛੋਟੇ ਵਾਹਨਾਂ ਦੀ ਆਵਾਜਾਈ ਹੀ ਕੀਤੀ ਜਾ ਸਕਦੀ ਹੈ। ਇਸ ਲਈ ਕੋਈ ਹੋਰ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਬਣੀ ਰਹੇ। ਇਸ ਸਬੰਧੀ ਰੇਲਵੇ ਫਾਟਕ ’ਤੇ ਕੰਮ ਕਰ ਰਹੇ ਕਰਮਚਾਰੀਆਂ ਨਾਲ ਵਾਰ-ਵਾਰ ਫਾਟਕ ਦੀ ਮੁਰੰਮਤ ਕਰਨ ਤੇ ਫਾਟਕ ਬੰਦ ਰਹਿਣ ਦਾ ਕਾਰਨ ਜਾਣਨ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜੁਆਬ ਦੇਣ ਤੋਂ ਟਾਲਮਟੋਲ ਕੀਤੀ। ਜ਼ਿਕਰਯੋਗ ਹੈ ਕਿ ਡਡਵਿੰਡੀ ਰੇਲਵੇ ਸਟੇਸ਼ਨ ਦੇ ਨਾਲ ਸਬੰਧਤ ਦੋਨੋਂ ਫਾਟਕਾਂ ਨੂੰ ਮੁਰੰਮਤ ਲਈ ਤਕਰੀਬਨ ਪਹਿਲਾਂ ਵੀ ਇਕ ਮਹੀਨਾ ਬੰਦ ਰੱਖਿਆ ਗਿਆ ਸੀ ਤੇ ਉਸ ਵੇਲੇ ਵੀ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ। ਹੁਣ ਦੇਖਣ ਵਾਲੀ ਗੱਲ ਹੈ ਕਿ ਜੇ ਉਸ ਵੇਲੇ ਸਹੀ ਢੰਗ ਨਾਲ ਮੁਰੰਮਤ ਕੀਤੀ ਹੁੰਦੀ ਤਾਂ ਦੁਬਾਰਾ ਮੁਰੰਮਤ ਕਰਨ ਦੀ ਲੋੜ ਨਾ ਪੈਂਦੀ। ਰੇਲਵੇ ਵਿਭਾਗ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਨੂੰ ਰੇਲਵੇ ਫਾਟਕ ਡਡਵਿੰਡੀ ਦੇ ਦੋਨੋਂ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਤੋ ਜਲਦੀ ਹੀ ਨਿਜਾਤ ਦਿਵਾਉਣੀ ਚਾਹੀਦੀ ਹੈ।