ਪਟਵਾਰੀਆਂ ਦੀ ਹੜ੍ਹਤਾਲ ਕਰਕੇ ਲੋਕਾਂ ਦੀ ਹੋਈ ਖੱਜਲ ਖੁਆਰੀ
ਪਟਵਾਰੀਆਂ ਦੀ ਹੜ੍ਹਤਾਲ ਕਰਕੇ ਲੋਕਾਂ ਦੀ ਹੋਈ ਖੱਜਲ : ਖੁਆਰੀ
Publish Date: Mon, 09 Mar 2026 09:04 PM (IST)
Updated Date: Mon, 09 Mar 2026 09:06 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਤਹਿਸੀਲ ਭੁਲੱਥ ਵਿਖੇ ਤਾਇਨਾਤ ਪਟਵਾਰੀਆਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ ਜਦੋਂਕਿ ਲੋਕ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਆਪਣੇ ਜ਼ਮੀਨ-ਜਾਇਦਾਦ ਬਾਬਤ ਕੰਮ ਪਟਵਾਰੀਆਂ ਤੋਂ ਕਰਵਾਉਣ ਆਏ ਸਨ ਪਰ ਪਟਵਾਰੀਆਂ ਦੇ ਦਫਤਰ ਨੂੰ ਲੱਗਾ ਤਾਲਾ ਦੇਖ ਉਹ ਨਿਰਾਸ਼ਾ ਨਾਲ ਵਾਪਸ ਮੁੜਦੇ ਦਿਖਾਈ ਦਿੱਤੇ। ਹੜ੍ਹਤਾਲ ਦਾ ਕਾਰਨ ਪੁੱਛਣ ਸਬੰਧੀ ਜਦੋਂ ਪਟਵਾਰੀਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਹੜਤਾਲ ਦਾ ਕਾਰਨ ਦੱਸਿਆ ਕਿ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਦੇ ਵਿਰੋਧ ਵਿਚ ਇਹ ਪ੍ਰਦਰਸ਼ਨ ਕੀਤਾ ਹੈ। ਬੀਤੇ ਦਿਨ ਪੰਜਾਬ ਵਿਧਾਨ ਸਭਾ ਵੱਲ ਆਪਣੀ ਮੰਗਾਂ ਨੂੰ ਲੈ ਕੇ ਮਾਰਚ ਕੱਢ ਰਹੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਗਏ ਤੇ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੱਟਾਂ ਲੱਗੀਆਂ ਤੇ ਪੱਗਾਂ ਲੱਥੀਆਂ, ਜੋ ਕਿ ਧੱਕੇਸ਼ਾਹੀ ਹੈ ਜਦਕਿ ਸਰਕਾਰ ਨੂੰ ਬੈਠ ਕੇ ਮੰਗਾਂ ਸੁਣੀਆਂ ਚਾਹੀਦੀਆਂ ਸਨ। ਇਸ ਘਟਨਾ ਦੇ ਵਿਰੋਧ ਵਿਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਹਮਦਰਦੀ ਜਤਾਉਂਦਿਆਂ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਹੜਤਾਲ ਕੀਤੀ ਹੈ। ਪਟਵਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੋਈ ਪਰੇਸ਼ਾਨੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸੁਣ ਕੇ ਗੱਲਬਾਤ ਕਰਨੀ ਚਾਹੀਦੀ ਸੀ, ਅਜਿਹੀ ਧੱਕੇਸ਼ਾਹੀ ਨਿੰਦਣਯੋਗ ਹੈ।